ਨਾ ਇੱਛਾ

ਨਾ ਆਸ਼ਾ ਮੇਰੀ

ਤਿੱਖਿਆਂ ਕੋਨਿਆਂ ਵਾਲਾ

ਰੰਗ-ਹੀਣ ਕੱਚ ਦਾ ਟੁਕੜਾ ਹਾਂ

ਅਚਨਚੇਤ

ਨਿਰਮਲ ਚਾਨਣ ਦੀ 

ਨਿਰਛਲ ਕਿਰਨ

ਮੇਰੇ ਪਿੰਡੇ ’ਤੇ ਆਣ ਪਈ ਸੀ 

ਮੈਂ ਸਤਰੰਗੀ ਰਾਸ ਰਚਾਈ 

ਤੇ ‘ਸਭ ਖ਼ਲਕ ਤਮਾਸ਼ੇ ਆਈ' 

ਉਹ ਮੇਰਾ ਵਿਸਥਾਰ ਨਹੀਂ ਸੀ 

ਉਹ ਚਾਨਣ ਦਾ ਚਮਤਕਾਰ ਸੀ

ਸਤ ਰੰਗਾਂ 'ਚੋਂ ਕੋਈ ਰੰਗ ਨਹੀਂ ਸੀ ਮੇਰਾ

ਉਹ ਨਿਰਮਲ ਚਾਨਣ ਦੀ ਕਿਰਨ ਅਲੋਪ ਹੋ ਗਈ 

ਤੁਸੀਂ ਤਾਂ ਮਾਧਿਅਮ ਨੂੰ ਹੀ ਸੋਮਾ ਸਮਝਣ ਵਾਲੇ 

ਹੁਣ ਮੈਥੋਂ ਸਤਰੰਗੀ ਲੀਲ੍ਹਾ ਕਿਉਂ ਮੰਗਦੇ ਹੋ 

ਮੈਂ ਤਾਂ ਤਿੱਖਿਆਂ ਕੋਨਿਆਂ ਵਾਲਾ

ਰੰਗ-ਹੀਣ ਕੱਚ ਦਾ ਟੁਕੜਾ ਹਾਂ

ਚਾਹੇ ਮੈਨੂੰ

ਪੱਥਰ 'ਤੇ ਪਟਕਾ ਕੇ ਮਾਰੋ

ਪੁਰਜ਼ਾ ਪੁਰਜ਼ਾ ਹੋ ਜਾਵਾਂਗਾ

ਪਰ ਮੇਰੇ 'ਚੋਂ

ਕੋਈ ਰੰਗ ਨਹੀਂ ਲੱਭੇਗਾ।

📝 ਸੋਧ ਲਈ ਭੇਜੋ