ਪ੍ਰੀਤਮ ਪਿਆਰਾ

(ਸ੍ਰੀ ਗੁਰੂ ਗੋਬਿੰਦ ਸਿੰਘ ਜੀ)

ਮੇਰੀ ਸਖੀ ਸਹੇਲੜੀਓ, ਇਕ ਹਾਲ ਸੁਣਾਵਾਂ ਨੀ,

ਦੁੱਖ ਸੁਣਕੇ ਬੱਚਿਆਂ ਦਾ, ਮਰ ਜਾਵਣ ਮਾਵਾਂ ਨੀ

ਜਦ ਧਰਮ ਨੂੰ ਖ਼ਤਰਾ ਸੀ, ਸਰਮਾਏਦਾਰੀ ਤੋਂ,

ਵਹਿਮਾਂ ਤੇ ਰਸਮਾਂ ਤੋਂ ਤੇ ਫਿਰਕਾਦਾਰੀ ਤੋਂ।

ਰਾਜੇ ਜਰਵਾਣੇ ਨੀ, ਕਰ ਜ਼ੋਰ ਧਿੰਙਾਣੇ ਨੀ,

ਪਤ ਖੋਹਕੇ ਲੋਕਾਂ ਦੀ ਕਰਦੇ ਮਨ ਭਾਣੇ ਨੀ।

ਲੋਕਾਂ ਦੀਆਂ ਲਹਿਰਾਂ ਨੂੰ ਜਨਤਾ ਦੀਆਂ ਮੰਗਾਂ ਨੂੰ,

ਲੋਕਾਂ ਦੀ ਸ਼ਾਨ ਦੀਆਂ, ਉਹਨਾਂ ਸਿਖਰ ਦੁਪਹਿਰਾਂ ਨੂੰ,

ਜ਼ਾਲਮ ਨਾ ਜਰਦੇ ਸੀ

ਜੰਜੂ ਤੇ ਤਿਲਕਾਂ ਦੇ, ਉਹ ਲਾ ਬਹਾਨੇ ਨੀ,

ਤੰਗ ਡਾਹਢਾ ਕਰਦੇ ਸੀ

ਦੁਖੀਆਂ ਦੀਆਂ ਚੀਕਾਂ ਨੇ, ਧਰਮਾਂ ਦੀਆਂ ਹੂਕਾਂ ਨੇ,

ਲੋਕਾਂ ਦੇ ਜਜ਼ਬੇ ਨੇ ਤੇ ਅਣਖ ਰੰਗੀਲੀ ਨੇ,

ਇੱਕ ਸ਼ੇਰ ਜਗਾ ਦਿੱਤਾ, ਤੇ ਲੜਣ ਸਿਖਾ ਦਿੱਤਾ

ਉਸ ਮਰਦੇ ਮੁਜਾਹਦ ਨੇ,

ਚੁੱਕੀਆਂ ਤਲਵਾਰਾਂ ਹੋ, ਦੇ ਕੇ ਲਲਕਾਰਾ ਹੋ,

ਆਓ ਸਿਰ ਦੇਵਣ ਦਾ, ਹੁਣ ਕਰੋ ਤਿਆਰਾ ਹੋ

ਧਰਤੀ ਦੀ ਹਿੱਕੜੀ ਨੂੰ,

ਸਮਿਆਂ ਦੀ ਸ਼ਕਤੀ ਨੂੰ, ਦੁਖੀਆਂ ਦੇ ਜੀਵਨ ਨੂੰ,

ਧਰਮਾਂ ਦੀ ਹਸਤੀ ਨੂੰ,

ਲੋੜ ਖ਼ੂਨੀ ਰੰਗਤ ਦੀ, ਸਿਰ ਵਾਰੂ ਸੰਗਤ ਦੀ

ਕੋਨੇ ਕੋਨੇ ਧਰਤੀ ਦੇ, ਛਿੜੀਆਂ ਝਰਨਾਟਾਂ ਸੀ,

ਬਲ ਉਠੀਆਂ ਲਾਟਾਂ ਸੀ,

ਸੀਨੇ ਫਿਰ ਜ਼ਾਲਮ ਦੇ, ਪਈਆਂ ਨਿਕਲ ਥਰਾਟਾਂ ਸੀ

ਜ਼ਾਲਮ ਜਰਵਾਣੇ ਨੇ,

ਉਸ ਮਰਦ ਅਮੰਗੜੇ ਦੇ, ਬੱਚਿਆਂ ਨੂੰ ਕੋਹ ਦਿੱਤਾ

ਬਾਬਲ ਤੇ ਮਾਤਾ ਨੂੰ, ਜ਼ੁਲਮਾਂ ਵਿਚ ਢੋਹ ਦਿੱਤਾ

ਸਰਸਾ ਦੀਆਂ ਲਹਿਰਾਂ ਨੇ, ਜ਼ਾਲਮ ਦੇ ਕਹਿਰਾਂ ਨੇ,

ਸਿੰਘਾਂ ਦੇ ਵਿਛੋੜੇ ਨੇ, ਘਰ ਮਾਲ ਦੇ ਰੋੜ੍ਹੇ ਨੇ,

ਉਹਨੂੰ ਥਿੜਕਾਇਆ ਨਾ, ਤੇ ਉਹ ਘਬਰਾਇਆ ਨਾ

ਲੋਕਾਂ ਦੀ ਸੇਵਾ ਨੇ, ਬਲੀਦਾਨ ਦੇ ਨਸ਼ਿਆਂ ਨੇ,

ਵਫ਼ਾਦਾਰੀ ਸਿੰਘਾਂ ਦੀ, ਤੇ ਬੇਪ੍ਰਵਾਹੀ ਨੇ,

ਜੰਗਲਾਂ ਵਿਚ ਸੱਥਰਾਂ 'ਤੇ ਉਹਨੂੰ ਲੰਮਿਆਂ ਪਾ ਦਿੱਤਾ,

ਤੇ ਘੂਕ ਸਵਾ ਦਿੱਤਾ

ਇਸ ਸੁੱਤੇ ਮਾਹੀ ਨੂੰ, ਨੇੜਿਓਂ ਤੱਕੀਏ ਨੀ,

ਜ਼ਰਾ ਹੌਲੀ ਤੁਰਿਆ ਜੇ, ਨੀਂਦਰ ਨਾ ਖੁਲ੍ਹ ਜਾਵੇ,

ਜ਼ਰਾ ਤੱਕੋ ਅੜੀਓ ਨੀ, ਇਨੇ ਦੁੱਖੜੇ ਝੱਲ ਕੇ ਵੀ,

ਕਿੰਨਾ ਮੁੱਖ ਸੋਂਹਦਾ ਏ, ਤੇ ਮਨ ਨੂੰ ਮੋਂਹਦਾ

ਤਾਜਾਂ ਦਾ ਰਾਖਾ ਨੀ, ਰਾਜਾਂ ਦਾ ਮਾਲਕ ਨੀ,

ਨਾ ਲੋਭ ਜਗੀਰਾਂ ਦਾ, ਬਸ ਪਿਆਰ ਤੀਰਾਂ ਦਾ,

ਸਤਿਗੁਰ ਇਕ ਫਿਰਕੇ ਦਾ, ਏਹਨੂੰ ਆਖੋ ਅੜੀਓ ਨਾ,

ਲੋਕਾਂ ਦਾ ਵਾਰਸ ਇਹ, ਦੁਨੀਆਂ ਦਾ ਢਾਰਸ ਇਹ,

ਵਹਿਮਾਂ ਤੇ ਰਸਮਾਂ ਦਾ, ਇਹ ਖੰਡਨ ਹਾਰਾ ਏ,

ਤਾਹੀਓਂ ਤਾਂ ਹਰ ਦਿਲ ਦਾ, ਇਹ ਪ੍ਰੀਤਮ ਪਿਆਰਾ

📝 ਸੋਧ ਲਈ ਭੇਜੋ