ਪਤਾ ਨਹੀ ਕੀ ਲੱਭਦੇ ਨੇ ਉਹ
ਸਦੀਆਂ ਤੋਂ -
ਮਰਮਰ ਦੀਆਂ ਪੌੜੀਆਂ
ਤੇ ਚੜ੍ਹਦੇ ਉੱਤਰਦੇ
ਨਾਰੀਅਲ ਤੇ ਸੰਧੂਰਾਂ ਦੀ ਮਹਿਕ ਵੀ ਨਹੀਂ ਮਾਣਦੇ
ਪਤਾ ਨਹੀਂ ਕੀ ਛੁਪਿਆ ਹੈ
ਤੇ ਹੈ ਉਹ ਕਿੱਥੇ-
ਕਿਸੇ ਦੀ ਐਨਕ
ਸ਼ੀਸ਼ਿਆਂ ਦਾ ਨੰਬਰ ਵੀ ਨਹੀਂ
ਤੱਕ ਸਕਿਆ ਓਹਦੀ ਕੋਠੜੀ ਦਾ ਬੂਹਾ-
ਫ਼ਰੇਮ ਮੂਰਤਾਂ ਚ
ਮੁੱਦਤਾਂ ਤੋਂ ਪਿਆਸੇ
ਕਿਰਤ ਦੀ ਲੁੱਟ ਤੋਂ ਬਾਅਦ ਤੁਰ ਪੈਂਦੀ ਹੈ
ਸੰਗਤ ਤੋਂ ਮੁਆਫ਼ੀਆਂ ਮੰਗਣ ਖਲਕਤ
ਮੰਦਿਰ ਦੇ ਮਹਿਰਾਬ ਸਿੰਗਾਰਨ-
ਸੋਨੇ ਦੇ ਹਾਰ ਬਣਾ 2 ਕੰਧਾਂ ਤੇ ਟੰਗਣ
ਕੋਈ ਵੱਡਾ ਭਾਗ ਨਹੀਂ ਹੁੰਦਾ
ਤੇ ਨਾ ਹੀ ਕਦੇ ਪੱਲੇ ਚ ਪੈਂਦਾ
ਜੇ ਮੰਜ਼ੇ ਤੇ ਪਏ
ਬੀਮਾਰ ਮਾਂ ਬਾਪ ਦਾ ਹਾਲ ਚਾਲ ਨਾ ਪੁੱਛਿਆ ਕਿਸੇ
ਬੀਮਾਰ ਨੂੰ ਘਰ ਤੜਫ਼ਦਾ ਛੱਡ
ਕਾਰ ਚੱਕ ਮੱਥੇ ਘਸਾਉਣ
ਤੇ ਮੰਨਤਾਂ ਕੱਠੀਆਂ ਕਰਨ ਜਾਣਾ
ਮੰਗਣ ਜਾਣਾ ਅਰਾਮ ਦੀਆਂ ਘੜੀਆਂ
ਲੱਭਣ ਜਾਣੀ ਮਹਿਮਾ
ਤੇ ਚੁਗਲੀਆਂ ਕਰ ਘਰੀਂ ਪਰਤ ਆਉਣਾ
ਕਿਤਿਓਂ ਨਹੀਂ ਕੁਝ ਲੱਭਣਾਂ-
ਐਨਕ ਬਦਲੋ
ਜਾਂ ਸ਼ੀਸ਼ਿਆਂ ਦਾ ਨੰਬਰ ਚੈੱਕ ਕਰਵਾਓ-
ਜਿਹਨੂੰ ਲੱਬਣ ਗਏ ਸੀ-
ਉਹ ਤਾਂ ਬੂਹੇ ਤੇ ਹੀ ਦੁਰਕਾਰਿਆ ਗਿਆ ਸੀ-
ਜੇ ਭਾਈ ਦੇ ਹੱਥ ਚ ਕੁਝ ਹੁੰਦਾ
ਤਾਂ ਸ਼ੂਗਰ ਨਾਲ ਨਾ ਮਰਦਾ
ਜੇ ਪ੍ਰਚਾਰਕ ਦੇ ਸੀਨੇ ਚ
ਰਹਿਮਤ ਦੇ ਸ਼ਬਦ ਹੁੰਦੇ ਤਾਂ ਘਰੋਂ ਨਾ ਤੁਰਦਾ
ਪੁਜਾਰੀ ਜੇ ਘਰ ਬੈਠ ਜਾਂਦਾ ਤਾਂ
ਲਾਲਚ ਨਹੀਂ ਸੀ ਉਗਮਣਾਂ ਮਾਇਆ ਦਾ-
ਅੰਬਰ ਨਹੀਂ ਸੀ ਓਹਦੇ ਹੱਥ ਆਉਣੇ-
ਭੇਡਾਂ ਏਨੀਆਂ ਨੇ ਕਿ
ਅੰਨ੍ਹੀਆਂ ਵਕਤ ਗੁਆ ਰਹੀਆਂ
ਹਿਲਾ ਰਹੀਆਂ ਸਿਰ-
ਬੀਨਾਂ ਤੇ ਨੱਚ ਰਹੇ ਹਨ
ਕੰਨਾਂ ਤੋਂ ਰਹਿਤ ਸੱਪ ਸੱਪਣੀਆਂ
ਵਾਜਿਆਂ ਟੱਲੀਆਂ ਤੇ ਸੁਰਾਂ ਚ
ਚੀਸਾਂ ਗੁੰਨ੍ਹ ਲਈਆਂ ਹਨ ਰਾਗੀਆਂ ਮੰਡਲੀਆਂ ਨੇ
ਬਿਨ ਤੇਜ਼ਾਬ ਛਿੜਕੇ ਪਲਕਾਂ ਤੇ
ਘਰ ਦੇ ਕੰਮ ਵਿੱਚੇ ਛੱਡ
ਭਾਈਆਂ ਦੇ ਨਾਲ ਹਾਲਾਂ ਚ ਗਾਉਂਦੀਆਂ
ਜਰਾ ਹਵਾਵਾਂ ਵੱਲ ਨਜ਼ਰ ਮਾਰਿਓ-
ਲੰਗਰ ਖਾ ਚਾਹਾਂ ਪੀ ਮਠਿਆਈਆਂ ਦਾ ਸੁਆਦ ਮਾਣ
ਘਰਾਂ ਨੂੰ ਪਰਤ ਆਉਣਾ-ਚੁਗਲੀਆਂ ਕਰ ਵੰਡ 2
ਸੂਟਾਂ ਦਾ ਸੋਨੇ ਦੇ ਹਾਰਾਂ ਦਾ ਨਵੇਂ ਡੀਜ਼ਾਈਨਾਂ ਚ ਪਰਦਰਸ਼ਨ ਕਰ-
ਗੁਰੂ ਅਰਜਨ ਦੇਵ ਦੀ ਸ਼ਹੀਦੀ ਮਨਾਉਣ ਦਾ ਕਿਹੜਾ ਢੰਗ
ਕਿਹੜੇ ਸ਼ਹੀਦਾਂ ਦੀ ਯਾਦ ਦੀ ਪੈੜ ਤੇ ਕਦਮ
ਕਿਹੜੀ ਨੀਹਾਂ ਚ ਚਿਣੇ ਗਏ ਸਿਤਾਰਿਆਂ ਦੀ ਸ਼ੋਭਾ
ਖੰਡਿਆਂ ਤਰਸ਼ੂਲਾਂ ਤਲਵਾਰਾਂ ਝੰਡਿਆਂ ਦਾ ਪਰਦਰਸ਼ਨ
ਕਿਹੜੀ ਸ਼ਾਂਤੀ ਦੇ ਮੁਹਾਂਦਰੇ ਦਾ ਖਿਲਾਰਾ
ਕਿਹੜੀ ਖੁਸ਼ੀ 'ਚ ਆਤਸ਼ਬਾਜੀਆਂ
ਗੋਲਕਾਂ ਦੀਆ ਕੁੱਖਾਂ 'ਚੋ
ਹੋਟਾਂ ਤੇ ਕਦੇ ਮਿੱਠਤ ਨਾ ਉੱਤਰੇ
ਢੰਡੋਰੇ ਪਿਆਰਾਂ ਦੇ-
ਜ਼ਿਹਨ ਨਫ਼ਰਤਾਂ ਉੱਗਲਣ
ਆਪਣੇ ਹੀ ਵਾਤਾਵਰਣ ਤੇ ਨੇੜੇ ਖੜ੍ਹੀਆਂ
ਇਬਾਦਤਾਂ ਲਈ -
ਫਿਲਮਾਂ ਦੀਆਂ ਤਰਜ਼ਾਂ ਦੀ ਵਿਆਕਰਣ ਜਾਣਦਾ
ਮਸ਼ਹੂਰ ਰਾਗੀ
ਜਿੱਥੋਂ ਨਾਨਕ ਦਾ ਰਾਹ ਲੱਬਣਾ ਸੀ-
ਗੁਆ ਕੇ ਆ ਗਏ ਸਿਰਨਾਵਾਂ ਓਹਦਾ-
ਡੋਲ੍ਹ ਕੇ ਆ ਗਏ ਗੋਬਿੰਦ ਦੇ ਅੰਮ੍ਰਿਤ ਦੇ ਬੁੱਕ
ਡਰ ਗਏ ਸੀਸ ਗੰਜ਼ ਦੇ ਦਰਾਂ ਤੇ ਸੀਸ ਡਿੱਗਦਾ-
ਸ਼ਹਾਦਤ ਤਾਂ ਕੀ ਸਜਾਉਣੀ-
ਸੀਸ ਨਾ ਚੱਕਦਾ ਕੋਈ ਡਰਦਾ-
ਚੰਗਾ ਤਾਂ ਏਹੀ ਹੈ-
ਲਿਖ ਦਿਓ ਬੇਦਾਵਾ-
ਬਹੁਤ ਵਿਕਦੀਆਂ ਨੇ ਚੂੜੀਆਂ ਰੰਗ ਬੇਰੰਗੀਆਂ
ਤਲੀਆਂ ਤੇ ਮਹਿੰਦੀ ਮਲ ਲਓ-
ਖੰਡੇ ਬਹੁਤ ਭਾਰੇ ਹੋ ਗਏ ਹਨ-
ਕਿੰਨੀ ਔਖੀ ਹੋ ਗਈ ਹੈ
ਅੱਜ ਸੱਚ ਦੀ ਅਵਾਜ਼ ਵੰਡਣੀਂ
ਭਲਾਈ ਦੇ ਰੁਮਾਲਿਆਂ ਚ ਕੰਬਦੀ ਲੋਕਾਈ ਲਪੇਟਣੀ
ਨਿੱਘ ਦੀਆਂ ਮੁੱਠਾਂ ਝੋਲੀਆਂ 'ਚ ਪਾਉਣੀਆਂ
ਅੰਮ੍ਰਿਤ ਦਾ ਉਦੇਸ਼ ਪੜ੍ਹੋ
ਗੋਬਿੰਦ ਦੇ ਬਾਟੇ 'ਚ ਪਤਾਸਿਆਂ ਨੂੰ ਖੋਰਦੇ ਖੰਡੇ ਤੋਂ
ਨਾਨਕ ਦੀ ਮਾਲਾ ਦੇ ਮਣਕਿਆਂ
ਤੋਂ ਲਿਖਿਆ ਪੜ੍ਹੋ-
ਬਿਨ ਤਲਵਾਰਾਂ ਕਿੰਜ਼ ਜਿੱਤੀ ਦੀ ਦੁਨੀਆਂ
ਦਲੀਲ ਉੱਕਰੋ ਸੀਨਿਆਂ ਤੇ
ਮੱਥਿਆਂ ਤੇ ਉਪਕਾਰ ਸਜਾਓ-
ਤਰਜਾਂ ਤੇ ਸਿਰ ਘੁਮਾਉਣੇ ਵੀ ਨਸ਼ਾ ਹੀ ਹੈ-