ਨਾ ਪੌਣ ਇਹ ਸੁਨੇਹਾ ਲਿਜਾਂਦੀ ਹੈ
ਨਾ ਪੰਛੀ
ਨਾ ਝੱਲੇ ਬੱਦਲ
ਕਦੇ ਕਦੇ
ਮੇਰਾ ਸੁਨੇਹਾ ਤੇਰੇ ਤੱਕ
ਕੋਈ ਨਹੀਂ ਪਹੁੰਚਾਉਂਦਾ
ਉਦੋਂ ਮੈਂ ਤੈਨੂੰ ਕਿਵੇਂ ਪੁਕਾਰਾਂ
ਭਾਵ ਇਹ ਬੋਝਲ ਜਿਹੇ ਨੇ
ਸ਼ਾਮ ਜਦ ਢਲਦੀ ਹੈ ਤਾਂ
ਪੂਰੀ ਕਾਇਨਾਤ
ਇੱਕ ਬੰਦ ਕੋਠੜੀ ਬਣ ਜਾਂਦੀ ਹੈ
ਜੀ ਕਰਦਾ ਹੈ ਕਿ ਕੋਈ ਆਵੇ
ਤੇ ਤੇਰੇ ਵੱਲ ਖੁਲ੍ਹਦੀ ਕੋਈ ਬਾਰੀ
ਖੋਲ੍ਹ ਦੇਵੇ
ਅਚਾਨਕ ਤੇਰੀ ਮਹਿਕ
ਘੁਲ ਜਾਵੇ
ਜਿਵੇਂ ਦਮ ਘੁੱਟਦੇ ਇਨਸਾਨ ਨੂੰ
ਸਾਹ ਆਉਂਦਾ ਹੈ
ਰਾਤ ਜਦ ਸੌਂਦੀ ਹੈ ਤੇਰੇ ਨਾਲ
ਨੀਂਦਰਾਈ ਪੌਣ
ਹੌਲੀ ਹੌਲੀ ਚੱਲਦੀ ਹੈ
ਨਬਜ਼ ਮੇਰੀ ਨਾਲ
ਤਾਲ ਮਿਲਾਉਂਦੀ ਹੈ
ਤੇਰੇ ਤੇ ਮੇਰੇ ਵਿਚਕਾਰਲੀ ਦੂਰੀ
ਪੂਰੇ ਅਸਮਾਨ ਨੂੰ
ਘੇਰ ਲੈਂਦੀ ਹੈ
ਉਸ ਪਲ
ਧਰਤੀ ਤੇ ਮਨ ਨਹੀਂ ਲੱਗਦਾ
ਸੋਚਦਾਂ ਤੈਨੂੰ ਪੁਕਾਰ ਲਵਾਂ
ਪਰ ਅਵਾਜ਼ਾਂ ਵੀ ਜਜ਼ਬਿਆਂ ਨੂੰ
ਨਹੀਂ ਚੁੱਕ ਸਕਦੀਆਂ ਸ਼ਾਇਦ
ਬੋਲ ਚੁੱਪ ਨੂੰ ਨਹੀਂ ਬੋਲ ਸਕਦੇ
ਉਦਾਸੀ ਸ਼ਬਦਾਂ ਚ ਵੀ ਸਮਾਈ ਨਹੀਂ ਜਾਂਦੀ
ਪਰ ਮੈਂ ਤੈਨੂੰ ਪੁਕਾਰਨਾ ਚਾਹੁੰਦਾ
ਉਹ ਪੁਕਾਰ
ਜਿਹੜੀ ਬਿਨਾ੍ਹਂ ਪੁਕਾਰਿਆਂ ਸੁਣਦੀ ਹੈ
ਜਿਹੜੀ ਬੋਲਾਂ, ਅਵਾਜ਼ਾਂ ਦੇ
ਵਿਚਕਾਰੋਂ ਲੰਘ ਜਾਂਦੀ ਹੈ
ਜਿਹੜੀ ਪੁਕਾਰ ਰੱਬ ਨੂੰ ਸੁਣਦੀ ਹੈ
ਦਰਵੇਸ਼ ਜਿਸ ਪੁਕਾਰ ਦੇ
ਗਵਾਹ ਹੋਣ
ਕੋਈ ਐਸੀ ਪੁਕਾਰ ਮੈਂ ਕਿਵੇਂ ਪੁਕਾਰਾਂ