ਭੱਜੀ ਜਾ ਰਹੀ ਹੈ

ਉੱਚੇ ਉੱਚੇ ਪੁਲਾਂ ਤੇ ਦੁਨੀਆਂ

ਵਾਤਾਨੁਕੂਲਿਤ ਵੱਡੀਆਂ ਵੱਡੀਆਂ ਕਾਰਾਂ ਵਿੱਚ

ਸ਼ੀਸ਼ੇ ਬੰਦ ਕਰੀ

ਉੱਡੇ ਜਾ ਰਹੇ ਨੇ ਅਮੀਰ ਲੋਕ

 

ਉਸਰ ਰਹੀ ਹੈ

ਨਵੀਂ ਦੁਨੀਆਂ

ਨਵੇਂ ਲੋਕ

ਨਵੇਂ ਨਵੇਂ ਮੀਲਾਂ ਲੰਬੇ

ਪੁਲ ਉਸਰ ਰਹੇ ਨੇ

ਪੁਲ ਹੀ ਪੁਲ

ਬਣ ਗਏ ਨੇ

ਵੱਡੇ ਵੱਡੇ ਉੱਚੇ ਉੱਚੇ ਲੋਕਾਂ ਲਈ

ਤਾਂ ਕਿ ਧਰਤੀ ਦੀ ਭੀੜ

ਉਹਨਾਂ ਦੇ ਰਾਹ ਵਿੱਚ

ਅੜਿਕਾ ਨਾ ਪਾਵੇ

 

ਨਹੀਂ ਰੁਕ ਸਕਦੇ ਉਹ

ਰੇਲਵੇ ਫਾਟਕਾਂ ਤੇ

ਟਾਈਮ ਬਹੁਤ ਕੀਮਤੀ ਹੈ

ਉਹਨਾਂ ਦਾ

ਨਹੀਂ ਵਿਚਰ ਸਕਦੇ ਉਹ

ਸਾਈਕਲਾਂ, ਰੇੜ੍ਹੀਆਂ, ਗੱਡਿਆਂ

ਰਿਕਸ਼ਿਆਂ ਦੀ ਭੀੜ ਵਿਚਕਾਰ

ਜਿੱਥੇ ਗਰੀਬ ਲੋਕ

ਅਜੇ ਵੀ ਫਸੇ

ਕੁਰਲਾ ਰਹੇ ਨੇ

ਆਪਣੀ ਆਪਣੀ

ਵਾਰੀ ਦੀ ਉਡੀਕ ਵਿੱਚ

 

ਉੱਚੇ ਉੱਚੇ ਲੰਬੇ ਪੁਲਾਂ ਤੇ

ਉੱਡੇ ਜਾ ਰਹੇ ਹਨ ਅਮੀਰ ਲੋਕ

 

ਤੇ ਇਹਨਾਂ ਹੀ ਪੁਲਾਂ ਥੱਲੇ

ਕੀੜਿਆਂ ਵਾਂਗ ਕੁਰਬਲ ਕੁਰਬਲ

ਕਰ ਰਹੀ ਹੈ

ਗਰੀਬ ਜਨਤਾ।

📝 ਸੋਧ ਲਈ ਭੇਜੋ