ਨਦੀਆਂ ਲਹੂ-ਨਾੜਾਂ ਹਨ
ਧਰਤੀ ਦੇ ਸਡੌਲ ਜਿਸਮ ਦੀਆਂ
ਇਨ੍ਹਾਂ ਦੇ ਪਾਣੀਆਂ ‘ਚ ਹੁੰਦੇ ਨੇ
ਜ਼ਿੰਦਗੀ ਦੇ ਅਣੂ
ਵਿਗਸੀਆਂ ਤੇ ਗੁੰਮ ਹੋਈਆਂ
ਪੀੜ੍ਹੀਆਂ ਦੇ ਅਕਸ
ਸਭਿਆਤਾਵਾਂ ਦੇ ਨਕਸ਼
ਹੋ ਸਕਣ ਨਾ ਅੱਡ ਕਦੇ
ਧਰਤੀ, ਨਦੀ ਤੇ ਜ਼ਿੰਦਗੀ
ਨਦੀ ਭਾਵੇਂ ਕੋਈ ਵੀ ਹੋਵੇ
ਗੰਗਾ, ਬ੍ਰਹਮਪੁੱਤਰ, ਕਾਵੇਰੀ,
ਸਤਲੁਜ, ਰਾਵੀ ਜਾਂ ਚਨਾਬ
ਪਾਣੀਆਂ ਵਿਚ ਫ਼ਰਕ ਨਾ ਹੁੰਦਾ ਕਦੇ
ਫਿਰ ਵੀ ਹੋਵੇ ਵਹਿਣ ਆਪੋ ਆਪਣਾ
ਲਹੂ ਦੇ ਇਕ ਹੋਣ ’ਤੇ ਵੀ
ਬੰਦਿਆਂ ਦੀ ਹੋਏ ਜਿਉਂ ਫਿਤਰਤ ਅਲੱਗ
ਧਰਤੀ 'ਤੇ ਕਿਨਾਰੇ ਸਿਰਜਦੇ
ਨਦੀਆਂ ਦੇ ਵਹਿਣ
ਜੋੜਦਾ ਪਾਣੀ ਜਿਨ੍ਹਾਂ ਨੂੰ
ਨਾਲ ਹੀ ਕਰਦਾ ਅਲੱਗ
ਇਸ ਕਿਨਾਰੇ ਵੀ ਮਨੁੱਖ
ਉਸ ਕਿਨਾਰੇ ਵੀ ਮਨੁੱਖ
ਨਦੀਆਂ ਦੇ ਕੰਢਿਆਂ ਦੀ ਵਿੱਥ
ਚੁੰਬਕੀ ਲਹਿਰਾਂ ਦੇ ਵਾਂਗੂ ਸਿਰਜਦੀ
ਕੋਈ ਅਣਜਾਣੀ ਜਿਹੀ ਖਿੱਚ
ਇਸ ਪਾਰ ਜਿਹੜੇ ਵਿਚਰਦੇ
ਉਸ ਪਾਰ ਜਾਣਾ ਲੋਚਦੇ
ਕਦੇ ਬਾਹਾਂ ਕਦੇ ਬੇੜੀਆਂ
ਕਦੇ ਸਾਧਨ ਪੁਲਾਂ ਦੇ
ਇਸ ਪਾਰ ਤੇ ਉਸ ਪਾਰ ਦੀ ਧਰਤੀ ਸਮਾਨ
ਫੇਰ ਵੀ ਵੱਖਰੇ ਦ੍ਰਿਸ਼
ਇਸ ਪਾਰ ਤੇ ਉਸ ਪਾਰ ਦੇ ਬੰਦੇ ਸਮਾਨ
ਫੇਰ ਵੀ ਵੱਖਰੇ ਨਕਸ਼
ਪੁਲ ਦੋਹਾਂ ਵਿਚਕਾਰ ਰਿਸ਼ਤੇ ਜੋੜਦੇ
ਨਿਖੜੇ ਹੋਏ ਬੰਦਿਆਂ ਨੂੰ ਮੇਲਦੇ
ਰਿਸ਼ਤਿਆਂ ਦੇ ਪੁਲਾਂ ਉਤੋਂ ਲੰਘ ਜਿਹੜੇ
ਇਕ ਦੂਜੇ ਦੇ ਦਿਲਾਂ ਤਕ ਪਹੁੰਚਦੇ
ਟੁੱਟ ਜਾਂਦੇ ਪੁਲ ਕਦੇ
ਜਾਂ ਰੋੜ੍ਹ ਲੈ ਜਾਂਦੇ ਵਹਿਣ
ਪਰ ਪੁਲਾਂ ਦੀ ਲੋੜ ਤਾਂ ਰਹਿੰਦੀ ਹਮੇਸ਼ਾ
ਫਿਰ ਮਨੁੱਖ ਦੇ ਹੱਥ
ਉਸਾਰਨ ਪੁਲ ਨਵੇਂ
ਝੱਖੜਾਂ ਤੇ ਤੇਜ਼ ਵਹਿਣਾਂ
ਤੋੜ ਦਿੱਤਾ ਕਈ ਪੁਰਾਣੇ ਪੁਲਾਂ ਨੂੰ
ਮਿਲ ਕੇ ਆਪਾਂ
ਫਿਰ ਨਵੇਂ ਕੁਝ ਪੁਲ ਬਣਾਈਏ
ਰਿਸ਼ਤਿਆਂ ਨੂੰ ਜੋੜੀਏ
ਇਸ ਪਾਰ ਤੋਂ ਉਸ ਪਾਰ ਜਾਈਏ।