ਮੈਂ ਸੱਥਰ ਹੋਈ ਅੱਜ ਵੇ, ਜੋ ਸੀ ਧਰਤ ਸੁਨਹਿਰੀ।
ਮੇਰੀ ਕੁੱਖ ਵਿੱਚ ਸ਼ਰਬਤ ਵਗਦੇ ਸੀ, ਅੱਜ ਹੋਏ ਜ਼ਹਿਰੀ।
ਮੇਰੇ ਪੁੱਤਾਂ ਨੂੰ ਫੇਰ ਲੁੱਟਿਆ, ਕਿਸੇ ਦਿਨੇ ਦੁਪਹਿਰੀ।
ਇਹ ਘੁੱਗ ਵਸਦਿਆਂ ਟੱਬਰਾਂ ਦੀ ਕਿਓਾ ਜਿੰਦਗੀ ਠਹਿਰੀ।
ਕਈ 'ਚਿੱਟੇ- ਮੱਛਰ' ਮਾਰ ਲਏ, ਕਈ ਮਾਰੇ 'ਚਿੱਟੇ' ।
ਨਿੱਤ ਨਿੱਤ ਖ਼ਬਰਾਂ ਆਉਂਦੀਆਂ, ਕੋਈ ਮਾਂ ਧੀ ਪਿੱਟੇ।
ਮਾਂ ਹੀ ਧੀ ਨੂੰ ਮਾਰਦੀ, ਆਪਣੀ ਕੁੱਖ ਵਿੱਚੇ।
ਕੀ ਹੋਇਆ ਰੰਗ ਲਹੂ ਦੇ ਕਿਉਂ ਪੈ ਗਏ ਫਿੱਕੇ।
ਕਿਹੜੀ ਤਰੱਕੀ ਲੱਭਦੇ, ਕਿਹੜੇ ਖਾਬ ਤੂੰ ਡਿੱਠੇ।
ਕੈਂਸਰ ਦਾ ਕਾਰਨ ਬਣ ਰਹੇ, ਜੋ ਸੀ ਪਾਣੀ ਮਿੱਠੇ।
ਦੁੱਧ ਗੰਧਲਾ ਤੇ ਯੂਰੀਆ, ਰੰਗ ਫਲਾਂ ਦੇ ਫਿੱਟੇ।
ਕੁਦਰਤ ਨਾਲ ਖਿਲਵਾੜ ਦੇ, ਏਹੀ ਨੇ ਸਿੱਟੇ।
ਮੈਂ ਜੰਮੇ ਜਿਉਣੇ ਮੌੜ ਤੇ, ਕਈ ਸੁੱਚੇ ਵਰਗੇ।
ਅਣਖੀ ਊਧਮ ਸ਼ੇਰ ਜੋ, ਦੁਸ਼ਮਣ ਤੇ ਵਰ੍ਹ ਗਏ।
ਇਸ ਧਰਤ ਨੂੰ ਸਿੰਜਿਆ ਖੂਨ ਨਾਲ, ਬਹਾਦਰਾਂ ਬੰਦੇ।
ਹੁਣ ਧਰਮ ਦੇ ਨਾ ਤੇ ਖੋਲ ਲਏ, ਜਥੇਦਾਰਾਂ ਧੰਦੇ ।
ਕੁਛ ਹੋਸ਼ ਕਰੋ ਮੇਰੇ ਵਾਰਸੋ, ਕਿਓਾ ਗਾਫਲ ਹੋਏ।
ਖੁਦ ਆਪਣੀਆਂ ਕਬਰਾਂ ਪੁੱਟ ਕੇ, ਤੁਸੀਂ ਜਾਵੋਂ ਮੋਏ ।
ਕਿਸੇ ਦੇ ਪਿੱਛੇ ਲੱਗ ਕੇ, ਨਾ ਅਕਲ ਨੂੰ ਫੇਰੋ।
ਪੌਣ ਪਾਣੀ ਤੇ ਧਰਤ ਨੂੰ , ਸਾਂਭੋ ਮੇਰੇ ਸ਼ੇਰੋ ।