ਚਿੱਟਾ ਚੱਟ ਗਿਆ ਪੰਜਾਬ ਦੀ ਜਵਾਨੀ ਤੇ ਧਰਤੀ ਨੂੰ ਖਾਦਾਂ ਖਾ ਲਿਆ
ਸਭ ਨਸਲਾਂ ਤੇ ਫ਼ਸਲਾਂ ਨੂੰ ਆਪ ਹੀ ਹਾਏ !ਅਸਾਂ ਅਮਲੀ ਬਣਾ ਲਿਆ।
ਬਾਂਕੇ ਗੱਭਰੂ ਤੇ ਛੈਲ ਛਬੀਲੇ ਸੀ ਪੁੱਤ ਦਰਿਆਵਾਂ ਦੇ
ਰੁਖ ਮੋੜ ਕੇ ਕਦੇ ਸੀ ਰੱਖ ਦਿੰਦੇ ਜੋ ਉਲਟ ਹਵਾਵਾਂ ਦੇ
ਉਹਨਾਂ ਅਮਲਾਂ ਦੇ ਚਿੱਕੜਾਂ 'ਚ ਡਿੱਗ ਕੇ ਤੇ ਪੂਰਾ ਪੂਰ ਹੀ ਗਵਾ ਲਿਆ
ਚਿੱਟਾ ਚੱਟ ਗਿਆ ਪੰਜਾਬ ਦੀ ਜਵਾਨੀ ਤੇ ਧਰਤੀ ਨੂੰ ਖਾਦਾਂ ਖਾ ਲਿਆ ...
ਚੁੱਲ੍ਹੇ ਬੁਝਗੇ ਸਿਵੇ ਹੀ ਬਸ ਬਲ਼ਦੇ ਤੇ ਪਿੰਡ ਬੇਚਿਰਾਗ਼ ਹੋ ਗਏ
ਭੈਣਾਂ ਰੱਖੜੀ ਬੰਨ੍ਹਣ ਨੂੰ ਤਰਸਣ ਨਾਰਾਂ ਦੇ ਸੁਹਾਗ ਖੋ ਗਏ
ਬੇਖ਼ਬਰ ਤੱਤੜੀਆਂ ਮਾਵਾਂ ਸ਼ਿੰਦੇ ਪੁੱਤਾਂ ਨੂੰ ਗਵਾ ਲਿਆ
ਚਿੱਟਾ ਚੱਟ ਗਿਆ ਪੰਜਾਬ ਦੀ ਜਵਾਨੀ ਤੇ ਧਰਤੀ ਨੂੰ ਖਾਦਾਂ ਖਾ ਲਿਆ ...
ਮੌਤ ਵੇਚ ਕੇ ਖੱਟੀ ਨੇ ਜੋ ਖੱਟਦੇ ਉਹਨਾਂ ਨੂੰ ਕਿਤੇ ਢੋਅ ਨਾ ਮਿਲੇ
ਕਾਲ਼ੇ ਪਾਣੀਆਂ 'ਚ ਰੁੜ੍ਹ ਜਾਣ ਸਾਰੇ ਕਿਸੇ ਨੂੰ ਕਨਸੋਅ ਨਾ ਮਿਲ਼ੇ
ਚੰਦ ਸਿੱਕਿਆਂ ਦੇ ਬਦਲੇ ਇਹ ਸਾਰਾ ਜਿਹਨਾਂ ਨੇ ਪੰਜਾਬ ਖਾ ਲਿਆ
ਚਿੱਟਾ ਚੱਟ ਗਿਆ ਪੰਜਾਬ ਦੀ ਜਵਾਨੀ ਤੇ ਧਰਤੀ ਨੂੰ ਖਾਦਾਂ ਖਾ ਲਿਆ ...
ਅਸਾਂ ਧਰਤ ਸੁਹਾਵੀ ਸਾਰੀ ਹੀ ਨਸ਼ਿਆਂ ਦੀ ਭੇਟ ਚਾੜ੍ਹਤੀ
ਕੁਝ ਖਾਦ ਦਵਾਈਆਂ ਪਾ ਕੇ ਤੇ ਕੁਝ ਨਾੜ ਵਿੱਚ ਸਾੜਤੀ
ਪੰਜਾਂ ਪਾਣੀਆਂ ਦੇ ਦਰਿਆ ਸੁਕਾ ਕੇ ਤੇ ਛੇਵਾਂ ਨਸ਼ੇ ਦਾ ਵਗਾ ਲਿਆ ...
ਚਿੱਟਾ ਚੱਟ ਗਿਆ ਪੰਜਾਬ ਦੀ ਜਵਾਨੀ ਤੇ ਧਰਤੀ ਨੂੰ ਖਾਦਾਂ ਖਾ ਲਿਆ .