ਪੰਜਾਬ ਦੀ ਕਹਾਣੀ

ਹੋਣੀ ਚੜ੍ਹੀ ਜੁ ਚੜ੍ਹਦਿਉਂ ਧਰਿਆ ਪੈਰ ਰਕਾਬ

ਪੇਠੋਹਾਰ ਨੂੰ ਖੁਰੀਂ ਮਧੋਲਦੀ ਤਕਿਆ ਸਭ ਪੰਜਾਬ

ਚੌਂਕੇ ਧਰਤ ਆਕਾਸ਼ ਦੋਏ ਸੁਣ ਟਾਪਾਂ ਦੀ ਵਾਜ

ਕੰਬੀ ਭਾਰਤ ਮਾਂ ਨੀ ਅਜ ਕਿਹੜਾ ਰਖ ਲਾਜ !

ਕੋਈ ਲਾਲ ਨਾ ਜੰਮਿਆ ਮਾਂ ਨੇ ਜਿਹੜਾ ਮੋੜੇ ਇਸਦੀ ਵਾਗ

ਓਏ ਕੋਈ ਨਾ ਜੰਮਿਆ ਮਾਂਦਰੀ ਜਿਹੜਾ ਕੀਲੇ ਕਾਲਾ ਨਾਗ !

ਪੂਰੇ ਵੀਹ ਸੌ ਤਿੰਨ ਦਾ ਘਟਦਾ ਸੰਮਤ ਸੀ

ਵਧੇ ਫੁਲੇ ਪੰਜਾਬ ਦੀ ਵਧੀ ਵੀ ਘਟ ਗਈ

ਉੱਚੀਆਂ ਲੰਮੀਆਂ ਪੈਲੀਆਂ ਸੂਹੇ ਸਾਵੇ ਪੱਤ

ਨਿਕੀ ਜਹੀ ਇਕ ਚਿਣਗ ਓਸ ਖਲਵਾੜੇ ਦਿਤੀ ਘਤ

ਧੁਖਦੀ ਅੰਦਰੋ ਅੰਦਰੀ ਚੇਤਰ ਚੜ੍ਹਿਆ ਆਨ

ਸੂਹੀਆਂ ਲਾਟਾਂ ਲਿਸ਼ਕੀਆਂ ਲੋਹਾ ਚੜ੍ਹਿਆ ਸਾਨ

ਪਾਣੀ ਪੰਜ ਦਰਿਆਂ ਦੇ ਬਣ ਗਏ ਤੱਤੇ ਤੇਲ

ਬਲਦੀ ਉਤੇ ਬਾਲਦੇ ਓਏ ਤੱਕ ਹੋਣੀ ਦੇ ਖੇਲ

ਜ਼ਿਮੀ ਸਿਆੜਾਂ ਪਾਂਦਿਆਂ ਹੱਥੋਂ ਡੁੱਲ੍ਹੇ ਬੀਅ

ਚਰਖੇ ਤੰਦ ਵਲਾਂਦਿਆਂ ਪੂਣੀ ਛੁੱਟ ਗਈ

ਕੜਛੀਆਂ ਛੁਟੀਆਂ ਹਾਂਡੀਓਂ ਘੜਿਓਂ ਛੁੱਟੀ ਲੱਜ

ਚੀਰੇ ਛੁੱਟੇ ਸਿਰਾਂ ਤੋਂ ਵੀਣੀਓਂ ਵੰਗਾਂ ਭੱਜ

ਮਾਹਲ ਟੁੱਟੀ ਸਣ ਮਣਕਿਆਂ ਤੇ ਸਣੇ ਗਾਧੀਆਂ ਬੈਲ

ਹਰਨ ਮੋਏ ਸਣ ਚੁੰਗੀਆਂ ਮੋਰ ਮੋਏ ਸਣ ਪੈਲ

ਕਿਚਰ ਕੁ ਜੀਣਾ ਰੁਖ ਨੇ ਕਿੱਚਰ ਕੁ ਰੁਖ ਦੀ ਛਾਂ

ਸਿਓਂਕ ਲੱਗੀ ਧੁਰ ਜੜ੍ਹਾਂ ਤੋਂ ਪੁਛਣ ਕਿਨੂੰ ਜਾਂ !

ਕਹੀ ਕੁ ਝੁੱਲੀ ਪੌਣ ਇਹ ਕਹੀ ਕੁ ਵੱਗੀ ਵਾ

ਵੇ ਅਸਾਂ ਕਹੀਆਂ ਕੁ ਪਾਈਆਂ ਕਹਾਣੀਆਂ

ਅਜ ਰਾਹੀ ਨਾ ਜਾਨਣ ਰਾਹ

ਰਾਜਿਆਂ ਰਾਜ ਕਰੇਂਦਿਆ! ਚੜ੍ਹਿਆ ਅਜ ਵਿਸਾਖ

ਏਸ ਨਵੀਂ ਸਦੀ ਦੇ ਮੂੰਹ ਤੇ ਉਡ ਉਡ ਪੈਦੀ ਰਾਖ਼

ਰਾਜਿਆ ਰਾਜ ਕਰੇਂਦਿਆ ! ਕਿਹਾ ਕੁ ਚੜ੍ਹਿਆ ਜੇਠ

ਸਿਰ ਤੇ ਕੋਈ ਆਕਾਸ਼ ਨਾ ਜ਼ਿਮੀ ਨਾ ਪੈਰਾਂ ਹੇਠ

ਰਾਜਿਆ ਰਾਜ ਕਰੇ'ਦਿਆ ! ਕਿਹਾ ਕੁ ਚੜ੍ਹਿਆ ਹਾੜ

ਵੇ ਐਵੇਂ ਮੂੰਹ ਦੀਆਂ ਗਿਣਤੀਆਂ ਅਜ ਖੇਤ ਨੂੰ ਖਾਂਦੀ ਵਾੜ

ਰਾਜਿਆ ਰਾਜ ਕਰੇਂਦਿਆ ! ਕਿਹਾ ਕੁ ਚੜ੍ਹਿਆ ਸੌਣ

ਓਏ ਆਪ ਬੁਲਾਈਆਂ ਹੋਣੀਆਂ, ਅਜ ਰੋਕਣ ਵਾਲਾ ਕੌਣ !

📝 ਸੋਧ ਲਈ ਭੇਜੋ