ਸੋਹਣੀ ਦੇਸ ਪੰਜਾਬੇ ਦੀ ਵਾ ਵਗਦੀ।
ਕੁੜੇ ਜਾਣ ਨਾਂਹ ਦੇਸਾਂ ਵਾਹ ਲਗਦੀ।
ਕਿਹੜੇ ਰਾਹ ਵਗਦੀ ?
ਕਿੱਥੇ ਜਾ ਵਗਦੀ ?
ਸੋਹਣੀ ਦੇਸ ਪੰਜਾਬੇ ਦੀ ਵਾ ਵਗਦੀ।
ਰੂਹ ਯਾਰ ਪਿਆਰੇ ਦੀ
ਗੱਲ ਤਖਤ ਹਜ਼ਾਰੇ ਦੀ
ਗਲੇ ਆ ਲਗਦੀ
ਸੋਹਣੀ ਦੇਸ ਪੰਜਾਬੇ ਦੀ ਵਾ ਵਗਦੀ।
ਹੱਕ ਵੱਡਿਆਂ ਪਰ੍ਹਿਆਂ ਦੇ
ਰਾਹ ਸੂਰਜ ਢਲਿਆਂ ਦੇ
ਕਦੇ ਗਾ ਵਗਦੀ
ਸੋਹਣੀ ਦੇਸ ਪੰਜਾਬੇ ਦੀ ਵਾ ਵਗਦੀ।
ਪੁੱਤ ਸ਼ੇਰ ਬਰਾੜਾਂ ਦੇ
ਵੱਡੇ ਦਿਲ ਸਰਦਾਰਾਂ ਦੇ
ਸੀਨੇ ਲਾ ਵਗਦੀ
ਸੋਹਣੀ ਦੇਸ ਪੰਜਾਬੇ ਦੀ ਵਾ ਵਗਦੀ।
ਚੜ੍ਹ ਹਰੀਆਂ ਡੇਕਾਂ 'ਤੇ
ਰਾਹ ਤਕਦੀ ਹੋਕਾਂ ਦੇ
ਲੰਮੇ ਸਾਹ ਵਗਦੀ
ਸੋਹਣੀ ਦੇਸ ਪੰਜਾਬੇ ਦੀ ਵਾ ਵਗਦੀ।
ਲੱਖ ਕੌਲ ਮਜ਼ਾਰਾਂ ਦੇ
ਰੰਗ ਰੁੱਖਾਂ ਦੀਆਂ ਡਾਰਾਂ ਦੇ
ਯਾਦ ਕਰਾ ਵਗਦੀ
ਸੋਹਣੀ ਦੇਸ ਪੰਜਾਬੇ ਦੀ ਵਾ ਵਗਦੀ।
ਕੁੰਜ ਸੰਘਣੀ ਸਾਵੀ ਵੇ
ਕੰਢੇ ਸੋਹਣੇ ਰਾਵੀ ਦੇ
ਨੈਣ ਡੁਲਾ ਵਗਦੀ
ਸੋਹਣੀ ਦੇਸ ਪੰਜਾਬੋ ਦੀ ਵਾ ਵਗਦੀ।
ਚੜ੍ਹ ਗਹਿਰਾਂ ਦੀ ਵਾਟ ਗਈ
ਸੁੱਤੀ ਨਦੀਆਂ ਦੇ ਘਾਟ ਪਈ
ਦਰਦ ਜਗਾ ਵਗਦੀ
ਸੋਹਣੀ ਦੇਸ ਪੰਜਾਬੇ ਦੀ ਵਾ ਵਗਦੀ।
ਡਾਢੇ ਵੀਰ ਸ਼ਮੀਰਾਂ ਦੇ
ਗਏ ਨਬੀਆਂ ਫ਼ਕੀਰਾਂ ਦੇ
ਬੋਲ ਪੁਗਾ ਵਗਦੀ
ਸੋਹਣੀ ਦੇਸ ਪੰਜਾਬੇ ਦੀ ਵਾ ਵਗਦੀ।
ਚੜ੍ਹੇ ਸਹਿਮ ਦੇ ਤਾਰੇ ਵੋ
ਹੇਠਾਂ ਫ਼ਜਰਾਂ ਦੇ ਮਾਰੇ ਵੋ
ਯਾਰ ਬੁਲਾ ਵਗਦੀ
ਸੋਹਣੀ ਦੇਸ ਪੰਜਾਬੇ ਦੀ ਵਾ ਵਗਦੀ।
ਕੁੜੇ ਜਾਣ ਨਾਂਹ ਦੇਸਾਂ ਵਾਹ ਲਗਦੀ।