ਅੰਨ ਦਾਤਾ:-
ਹੇ ਸ਼ੇਰੇ ਪੰਜਾਬ ! ਤੈਨੂੰ ਪੂਜਦਾ ਸੰਸਾਰ ਏ ।
ਸੱਜੇ, ਖੱਬੇ, ਖਿੰਡਿਆ ਹੋਇਆ ਤੇਰਾ ਉਪਕਾਰ ਏ ।
ਤੈਨੂੰ ਅੰਨ ਦਾਤਾ ਬਣਾਇਆ, ਆਪ ਪਾਲਨਹਾਰ ਨੇ ।
ਸਾਜਿਆ ਧਰਤੀ ਦਾ ਤੈਨੂੰ, ਸਵਰਗ ਸਿਰਜਨਹਾਰ ਨੇ ।
ਤੂੰ ਏਂ ਦਾਤਾ, ਹਰ ਕੋਈ ਮੰਗਤਾ ਏ ਤੇਰੇ ਦਵਾਰ ਦਾ ।
ਤੂੰ ਸਖ਼ੀ ਏਂ, ਹਰ ਕੋਈ ਭੁੱਖਾ ਏ ਤੇਰੇ ਪਿਆਰ ਦਾ ।
ਕੁਦਰਤ:-
ਤੇਰੀ ਸੁੰਦਰਤਾ, ਜ਼ਮਾਨੇ ਨੂੰ ਏ ਭਰਮਾਂਦੀ ਪਈ ।
ਮਹਿਕ ਤੇਰੇ ਫੁੱਲਾਂ ਦੀ, ਦੁਨੀਆ ਨੂੰ ਮਹਿਕਾਂਦੀ ਪਈ ।
ਤੈਨੂੰ ਕੁਦਰਤ, ਸੂਹੇ, ਸਾਵੇ, ਵੇਸ ਪਹਿਨਾਂਦੀ ਪਈ ।
ਤੇਰੀ ਮਿੱਟੀ, ਸੋਨੇ ਚਾਂਦੀ ਨੂੰ ਏ ਸ਼ਰਮਾਂਦੀ ਪਈ ।
ਤੇਰੇ ਸਿਰ ਉੱਤੋਂ ਹਮਾਲਾ, ਬਰਕਤਾਂ ਵਾਰੇ ਪਿਆ ।
ਤੈਨੂੰ ਰਾਵੀ ਸਿੰਜਦਾ, ਤੈਨੂੰ ਝੱਨਾ ਤਾਰੇ ਪਿਆ ।
ਪ੍ਰੇਮ:-
ਪ੍ਰੇਮ ਦੀ ਨਗਰੀ ਏਂ ਤੇ ਅਖੀਆਂ ਦਾ ਤਾਰਾ ਵੀ ਤੂੰ ਹੈਂ ।
ਸੂਫੀਆਂ, ਵਲੀਆਂ ਤੇ ਅਵਤਾਰਾਂ ਦਾ ਪਿਆਰਾ ਵੀ ਤੂੰ ਹੈਂ ।
'ਸੋਹਣੀ' ਦੇ ਕੁੱਠੇ ਹੋਏ ਦਿਲ ਦਾ ਸਹਾਰਾ ਵੀ ਤੂੰ ਹੈਂ ।
'ਹੀਰ' ਦੀ ਤੂੰ 'ਝੰਗ' 'ਰਾਂਝੇ' ਦਾ 'ਹਜ਼ਾਰਾ' ਵੀ ਤੂੰ ਹੈਂ ।
ਖਬਰੇ ਕਿਹੜੀ ਮਿਕਨਾਤੀਸੀ ਖਿੱਚ ਤੇਰੇ ਫਰਸ਼ ਵਿਚ ।
ਦੇਵਤੇ ਵੀ, ਤੇਰੀ ਖਾਤਰ, ਤੜਪਦੇ ਨੇ ਅਰਸ਼ ਵਿਚ ।
ਨੂਰ ਜਹਾਂ:-
ਰਾਵੀ ਦੀ ਕੰਧੀ ਤੇ ਇਕ, ਜੋਗਨ ਦਾ ਅੰਤਮ ਵਾਸ ਏ ।
ਜਿਸ ਦੀ 'ਖਾਮੋਸ਼ੀ' ਏ ਬੋਲੀ, 'ਚੁਪ' ਜਿਸ ਦੀ ਰਾਸ ਏ ।
ਨਾ ਕੋਈ ਦੀਵਾ ਏ ਜਗਦਾ, ਨਾ ਹੀ ਗੋਲੀ ਪਾਸ ਏ ।
ਕੀ ਹੇ ਰੱਬਾ ! ਹੁਸਨ ਦੀ ਮਲਕਾ ਦਾ ਇਹ ਰਣਵਾਸ ਏ ?
ਹਾਏ ! ਬਿਜਲੀ ਕੜਕਦੀ ਏ, ਘੇਰਨੀ ਖਾਂਦੀ ਏ ਛੱਤ ।
ਰੋਂਦੀ ਏ ਕਾਲੀ ਘੱਟਾ ਤੇ ਹੰਝੂ ਬਰਸਾਂਦੀ ਏ ਛੱਤ ।
ਬੋਲੀ:-
ਤੇਰੀ ਪੰਜਾਬੀ ਜ਼ਬਾਂ, ਪੇਂਡੂ ਏ, ਦਰਬਾਰੀ ਵੀ ਏ ।
ਰਾਜਸੀ ਵੀ, ਧਾਰਮਕ ਵੀ, ਸੋਹਣੀ ਵਿਵਹਾਰੀ ਵੀ ਏ ।
ਮਨ ਨੂੰ ਮੋਹਣੀ, ਰੰਗ-ਰੱਤੀ, ਮੰਗਲਾ ਚਾਰੀ ਵੀ ਏ ।
ਮਾਖਿਓਂ ਮਿੱਠੀ ਵੀ ਏ, ਨਮਕੀਨ ਵੀ, ਪਿਆਰੀ ਵੀ ਏ ।
ਵੇਖ ਕੇ ਬੱਦਲ ਨੂੰ ਤੇਰੇ, ਗੀਤ ਗਾਏ ਮੋਰ ਨੇ ।
ਤੇਰੀ ਬੋਲੀ ਹੀ ਦੀਆਂ ਇਹ 'ਕੋਇਲਾਂ ਵੀ ਚੋਰ ਨੇ ।
ਦੂਈ:-
ਹੇ ! ਮੇਰੇ ਪੰਜਾਬ ਦੇ ਵਾਸੀ, ਦਿਲਾਂ ਨੂੰ ਜੋੜ ਦੇ ।
ਦੂਈ ਤੇ ਹੰਕਾਰ ਦੇ, ਭਰ ਭਰ ਕੇ ਬੇੜੇ ਬੋੜ ਦੇ ।
ਜ਼ਾਤਾਂ ਪਾਤਾਂ ਭੈੜੀਆਂ ਦੇ, ਸੰਗਲਾਂ ਨੂੰ ਤੋੜ ਦੇ ।
ਤਿਆਗ ਦੇ ਮੁੱਲਾਂ ਤੇ ਪੰਡਤ ਨੂੰ ਵੀ ਹੁਣ ਤੂੰ ਛੋੜ ਦੇ ।
ਵੇਖ ! ਆਵੇ ਫਰਕ ਨਾ, ਤੇਰੀ ਪੁਰਾਣੀ ਰੀਤ ਵਿਚ ।
ਤੂੰ ਏਂ ਪੰਜਾਬੀ, ਤੇਰੀ ਮੁਕਤੀ ਏ 'ਆਸੀ' ਪ੍ਰੀਤ ਵਿਚ ।