ਪੰਜਾਬ ਜੁਗਰਾਫ਼ੀਏ ਦੀ ਲਕੀਰ ਨਹੀਂ

ਪੰਜਾਬ

ਜੁਗਰਾਫ਼ੀਏ ਦੀ

ਕੋਈ ਲਕੀਰ ਨਹੀਂ

ਪੰਜਾਬ ਤਾਂ ਮਿੱਟੀ ਦੇ

ਖ਼ਮੀਰ ਵਿੱਚੋਂ ਮੌਲ਼ਦੀ

ਖ਼ੂਨ ਦੀ ਤਾਸੀਰ ਹੈ

ਮਿੱਟੀ

ਜਿਸ ਵਿੱਚੋਂ ਅੰਨ ਉੱਗਦਾ ਹੈ

ਅੰਨ

ਜੋ ਖ਼ੂਨ ‘ਚ ਰਚਦਾ ਹੈ ....

ਖ਼ੂਨ

ਜਿਸ ਵਿੱਚ

ਸਿਦਕ ਵੀ ਹੀ ਹੈ 

ਸਿਰੜ ਵੀ

ਸੋਚ ਵੀ

ਹੋਸ਼ ਵੀ

ਜੋਸ਼ ਵੀ ...

ਇਹ ਖ਼ੂਨ

ਜਦੋਂ ਉਬਾਲ਼ਾ ਮਾਰਦਾ ਹੈ

ਤਾਂ ਸਮੇਂ ਦੇ

ਸਿਕੰਦਰਾਂ

ਬਾਬਰਾਂ

ਅਕਬਰਾਂ

ਨੂੰ ਵੰਗਾਰਦਾ ਹੈ

ਅਬਦਾਲੀਆਂ

ਨੂੰ ਲਲਕਾਰਦਾ ਹੈ

ਪੰਜਾਬ

ਮਿੱਟੀ ਦੇ

ਖ਼ਮੀਰ ਵਿੱਚੋਂ ਮੌਲ਼ਦੀ

ਖ਼ੂਨ ਦੀ ਤਾਸੀਰ ਹੈ

ਮਿੱਟੀ

ਜਿਸ ਵਿੱਚੋਂ ਅੰਨ ਉੱਗਦਾ ਹੈ

ਅੰਨ ਜੋ ਖ਼ੂਨ 'ਚ  ਰਚਦਾ ਹੈ....

📝 ਸੋਧ ਲਈ ਭੇਜੋ