ਪੰਜਾਬ ਮੈਥੋਂ ਨਹੀਂ ਸੁਣੀਆਂ ਜਾਂਦੀਆਂ

ਪੰਜਾਬ ਮੈਥੋਂ ਨਹੀਂ ਸੁਣੀਆਂ ਜਾਂਦੀਆਂ

ਤੇਰੀਆਂ ਤੇ ਤੇਰੇ ਦੁੱਖਾਂ ਦੀਆਂ ਕਹਾਣੀਆਂ

ਤੈਨੂੰ ਮਾਣ ਸੀ ਆਪਣੇ ਖੇਤਾਂ ਪੁੱਤਾਂ 'ਤੇ

ਅਸੀਂ ਭਰਦੇ ਰਹੇ ਤੇਰੇ ਖੀਸੇ-

ਉਂਨੀਦਰੀਂਆਂ ਰਾਤਾਂ ਚੋਂ

ਤਾਰਿਆਂ ਦੇ ਨਾਲ ਪੈਂਡੇ ਕਰਦੇ ਭੁੱਖੇ ਪਿਆਸੇ-

ਪੰਜਾਬ ਤੇਰੇ ਹੱਥਾਂ

ਪਾਣੀ ਦੀਆਂ ਸ਼ਹਿਰੋਂ ਆਈਆਂ

ਬੋਤਲਾਂ ਫ਼ੜੀਆਂ ਦੇਖ ਕੇ

ਮੈਂ ਸੌਂ ਨਹੀਂ ਸੀ ਸਕਿਆ ਪਹਿਲੀ ਰਾਤੇ-

ਮੈਂਨੂੰ ਆਪਣੇ ਲਾਏ ਨਲਕੇ ਤੋਂ

ਪਾਣੀ ਲੈਣ ਤੋਂ ਜਦੋਂ ਰੋਕਿਆ ਸੀ ਜਗੀਰੀ ਨਾਈ ਨੇ-

ਕਹਿੰਦਾ ਸੀ ਕਿ ਹੁਣ ਪਾਣੀਆਂ ਜ਼ਹਿਰ ਗਈ ਹੈ-

ਨਲਕੇ ਦਾ ਪਾਣੀ ਨਾ ਪੀ-

ਮੇਰੇ ਹੱਥੋਂ ਨਲਕੇ ਦੀ ਹੱਥੀ ਛੁੱਟ ਗਈ ਸੀ ਓਦਣ-

ਕੈਂਸਰ ਨਾਂ ਰੱਖ ਦਿਤਾ ਹੈ ਗੱਡੀ ਦਾ ਲੋਕਾਂ ਨੇ-

ਮਿੱਟੀ ਦੇ ਕਣਾਂ ਨੂੰ ਰੋਗ ਲੱਗ ਗਏ ਹਨ-

ਜਦ ਕਿਸੇ ਆਡ ਤੇ ਲੇਟ ਕੇ ਪਸ਼ੂ ਚਾਰਦਾ 2

ਪਿਆਸ ਬੁਝਾ ਲੈਂਦਾ ਸੀ-ਅਰਸ਼ ਛੂਹ ਲੈਂਦਾ ਸਾਂ

ਹੁਣ ਖਾਲੀ ਸੁੱਕੀਆਂ ਆਡਾਂ ਖੇਤ ਦੇਖ 2

ਹੰਝੂ ਕਿਰਨੋਂ ਨਹੀਂ ਰੋਕੇ ਜਾਂਦੇ  

ਹੁਣ ਨਾ ਤਾਂ ਆਡਾਂ ਪਾਣੀ ਹੈ ਤੇ ਨਾ ਹੀ

ਧਰਤ ਦੀ ਸਤਿਹ ਦੀਆਂ ਪਰਤਾਂ ਕਿਤੇ ਬਚਣਾਂ

ਕਿਤੇ ਸਾਫ਼ ਪਾਣੀ ਦੇਖਣ ਨੂੰ

ਸੁਪਨੇ ਤਰਸ ਰਹੇ ਨੇ ਮੇਰੇ-

ਕੌਣ ਕਰ ਗਿਆ ਗੰਧਲੇ

ਮੇਰੇ ਨਾਨਕ ਗੋਬਿੰਦ ਦੇ ਸਰੋਵਰਾਂ ਨੂੰ

ਕਿਉਂ ਸੁੱਕੇ ਪਏ ਨੇ ਮੇਰੇ ਸੱਤਲੁਜ ਤੇ ਬਿਆਸ

ਕਿਨਾਰਿਆਂ ਤੇ ਰੁੱਖ ਖੜ੍ਹੇ ਨੇ ਪਿਆਸੇ

ਸੁੱਕੀਆਂ ਟਹਿਣੀਅ ਤੋਂ ਦੋ ਚਾਰ

ਬਚੀਆਂ ਰਹਿ ਗਈਆਂ ਚਿੜੀਆਂ

ਆਲ੍ਹਣੇ ਛੱਡ ਉੱਡ ਗਈਆਂ ਹਨ

ਦਿੱਲੀ ਰਾਜਸਥਾਨ ਹਰਿਆਣੇ ਨੇ ਡੀਕ ਲਿਆ ਹੈ

ਮੇਰੇ ਭਰ ਵਗਦੇ ਦਰਿਆਵਾਂ ਦਾ ਸਾਰੀ ਬਹਾਰ -

ਰਾਪੇਰੀਅਨ ਕਾਨੂੰਨ ਦਾ ਕੈਦਾ

ਪਾੜ ਦਿਤਾ ਹੈ ਕਿਸੇ ਨੇ

ਜਾਂ ਛੁਪਾ ਕੇ ਪਾ ਲਿਆ ਹੈ ਜੇਬ ਹਕੂਮਤ ਨੇ

ਦਿੱਲੀਏ ਅਸੀਂ ਇੱਕ 2 ਬੋਤਲ ਪਾਣੀ

ਜੋਂ ਸਾਡੇ ਹੀ ਸੀਨੇ ਚੋਂ ਹੀ ਭਰਿਆ ਹੁੰਦਾ ਹੈ

ਓਹ ਮੁੱਲ ਪੀਂਦੇ ਹਾਂ-

ਟੋਲਾਂ ਦਿੰਦੇ ਹਾਂ ਤੇਰੀ ਸੜਕ ਤੋਂ ਲੰਘਣ ਦੀਆਂ-

ਕੋਲੇ ਤੇ ਹੋਰ ਖਣਿਜ ਪਦਾਰਥਾਂ ਦਾ ਮੁੱਲ ਮੋੜਦੇ ਹਾਂ

ਤੇ ਤੁਸੀਂ ਸਾਡੇ ਪਾਣੀ ਦਾ ਅਜੇ ਤੱਕ ਟਕਾ ਵੀ ਨਹੀਂ ਮੋੜਿਆ-

ਹੁਣ ਸਰਸਵਤੀ ਨੇ ਰਹਿੰਦਾ ਪਾਣੀ ਵੀ ਡੀਕ ਜਾਣਾ ਹੈ -

ਪੰਜਾਬ ਤੇਰੇ ਕੋਲ ਹੁਣ ਡੇੜ ਦਰਿਆ ਵੀ ਨਹੀਂ ਰਹਿਣੇ-

ਤੁਰਿਆ ਫਿਰ ਚੌਧਰ ਹੋ ਕੇ ਚੌੜਾ!

ਹੋਰ ਤੇਰੇ ਕੋਲ ਹੈ ਵੀ ਕੱਖ ਨਹੀਂ-ਫੋਕੀ ਆਕੜ ਦੇ!

ਜੰਗ ਤੂੰ ਮੂਹਰੇ

ਦੁੱਖ ਤਕਲੀਫ਼ਾਂ ਤੂੰ ਅੱਗੇ-

ਕਿੱਥੇ ਹੁੰਦੇ ਨੇ ਇਹ ਵੱਡੇ ਦੇਸ਼ ਭਗਤ ਓਸ ਵੇਲੇ-

ਮੈਨੂੰ ਚਾਹੀਦਾ ਹੈ ਹੁਣ ਤੱਕ

ਸਾਰੇ ਦਿਤੇ ਗਏ ਪਾਣੀ ਦਾ ਹਿਸਾਬ ਕਿਤਾਬ

ਵਿਆਜ ਸਮੇਤ ਮੰਗਾਂ-

ਅਸੀਂ ਨਹੀਂ ਮੰਗਦੇ ਤੈਥੋਂ ਕੋਈ ਗਰਾਟਾਂ

ਸਾਰ ਲਵਾਂਗੇ ਅਸੀਂ ਆਪਣੇ ਪਾਣੀ ਵੇਚ ਕੇ-

ਅਸੀਂ ਅਸੂਲ ਨਾਲ ਹੀ ਗੱਲ ਕਰਨਾ ਚਾਹੁੰਦੇ ਹਾਂ-

ਸਾਨੂੰ ਨਹੀਂ ਚਾਹੀਦੀ ਕਲਾਜ ਨੰਬਰ -5

ਪੰਜਾਬ -ਮੈਂ ਨਹੀਂ ਦੇਖਣਾ ਚਾਹੁੰਦਾ

ਕਿ ਤੂੰ ਬਣ ਜਾਂਵੇਂ ਰੇਗਿਸਤਾਨ-

ਅਸੀਂ ਲੜ੍ਹਨਾ ਨਹੀਂ ਚਾਹੁੰਦੇ

ਆਪਣੇ ਦਿਤੇ ਪਾਣੀ ਦਾ ਹੀ ਮੁੱਲ ਮੰਗਦੇ ਹਾਂ-

ਹੁਣ ਮੈਂ ਨਹੀਂ ਚਾਹੁੰਦਾ ਕਿ

ਤੂੰ ਮੇਰਾ ਬਚਿਆ ਇਤਿਹਾਸ ਵੀ ਮਿਟਾ ਦੇਵੇਂ

ਮੇਰੀ ਮਿੱਟੀ ਤੋਂ ਤਾਂ ਪਹਿਲਾਂ ਹੀ

ਨਹੀਂ ਝੱਲਿਆ ਜਾਂਦਾ

ਇਹਦੇ ਪਿੰਡ 2 ਡੁੱਲ੍ਹਿਆ

ਮੇਰੇ ਵੀਰਾਂ ਦੇ ਲਹੂ ਦਾ ਹਾਉਕਾ

ਸੂਹੇ ਚੂੜਿਆਂ ਦਾ ਦਰਦ

ਬਾਪੂ ਦੇ ਪਸੀਨੇ ਦੀ ਮਹਿਕ

ਮਾਂ ਦੇ ਅੱਖਾਂ ਦਾ ਸਵਾਤ 'ਚ ਜਗਦਾ ਚਾਨਣ-

ਪੰਜਾਬ ਹੁਣ ਤਾਂ ਜਾਗ ਪੈ

ਆਪਣਾ ਹੱਕ ਮੰਗਣਾ ਕੋਈ ਗੈਰਕਾਨੂੰਨੀ ਨਹੀਂ ਹੁੰਦਾ

ਮੈਂ 'ਕੱਠੇ ਕਰ 2 ਰੁੱਖ ਇੱਕ ਕਾਫ਼ਲਾ ਬਣਾਵਾਂਗਾ

ਭਿੱਖ ਨਹੀਂ ਮੰਗਦਾ-ਪਾਣੀ ਦੀ ਪਾਈ 2 ਮੁੜਾਵਾਂਗਾ

ਨੌਜਵਾਨੀਏਂ ਨਾਲ ਚੱਲੀਂ

ਤੇਰੇ ਕਈ ਸੁਪਨੇ ਸਜਾਵਾਂਗਾ-

ਸਾਥੋਂ ਨਹੀਂ ਹੁਣ ਅਜਾਂਈਂ ਗੁਆ ਹੁੰਦੇ ਅੱਥਰੂ

ਇਹਨਾਂ ਦੀਆਂ ਹਿੱਕਾਂ ਨੂੰ ਵੀ ਰਾਤਾਂ 'ਚ ਜਗਾਵਾਂਗਾ-

📝 ਸੋਧ ਲਈ ਭੇਜੋ