ਪੰਜਾਬ ਤੈਨੂੰ ਤਾਂ ਯਾਦ ਵੀ ਨਹੀਂ ਹੋਣਾ
ਅਸੀਂ ਕਿੰਨਾ ਰਾਤ ਦਿਨ
ਤੜਫ਼ਦੇ ਰਹਿੰਦੇ ਹਾਂ
ਤੇਰੀ ਸੁੱਖ ਸਾਂਦ ਖਾਤਿਰ -
ਤੇਰੇ ਪਿੰਡੇ ਤੇ ਜਦੋਂ ਵੀ
ਕਹਿਰ ਦਾ ਮੌਸਮ ਆਉਂਦਾ ਹੈ
ਕਰਬਲਾ ਆ ਢਹਿੰਦੀ ਹੈ
ਨੀਂਦ ਤਿੜਕ ਜਾਂਦੀ ਹੈ ਸਾਡੀਆਂ ਰਾਤਾਂ ਦੀ-
ਖਾਲੀ ਪੇਟ ਨੂੰ ਵੀ
ਭੁੱਖ ਨਹੀਂ ਲੱਗਦੀ-
ਪਿਆਸੇ ਵੀ ਹੋਈਏ
ਪਾਣੀ ਵੱਲ ਦੇਖਣ ਨੂੰ ਅੱਖਾਂ ਨਹੀਂ ਜਾਂਦੀਆਂ-
ਕੀ ਕਰਾਂ ਮੈਂ ਇਲਾਜ਼
ਜਾਂ ਕਿੱਥੇ ਸੁੱਖ ਸੁੱਖਾਂ
ਕਿ ਤੇਰੇ ਅੰਗਾਂ ਦੇ ਸੁਪਨੇ
ਰੁੱਖਾਂ ਨਾਲ ਲਟਕ 2 ਨਾ ਬੁਝਣ -
ਸੜਕਾਂ ਬੱਸ ਕਰ ਦੇਣ
ਮੇਰੇ ਅੰਗੀਂ ਸਾਕੀਂ ਤੁਰੇ ਫਿਰਦੇ ਘਰ ਨਾ ਉਜ੍ਹਾੜਨ
ਬੁੱਢੇ ਵਕਤਾਂ ਤੇ ਬੱਚਿਆਂ
ਦੀਆਂ ਡੰਗੋਰੀਆਂ ਤੇ ਖਿਡੌਣੇ ਨਾ ਮਸਲਣ
ਜਦ ਵੀ ਤੇਰੇ ਵੱਲ ਦੇਖਦਾਂ ਹਾਂ
ਕਦੇ ਵੀ ਠੰਢੀ ਵਾ ਨਹੀਂ ਆਉਂਦੀ-
ਹਾਉਕਿਆਂ ਦੇ ਵਰੋਲੇ ਹੀ ਘੁੰਮਦੇ ਨਜ਼ਰ ਆਉਂਦੇ ਹਨ
ਕਦੇ ਨਹੀਂ ਹਰਿਆਵਲ ਦੇਖੀ
ਤੇਰੇ ਰੁੱਖਾਂ ਤੇ
ਫ਼ਸਲਾਂ ਦੇ ਖਿੜ੍ਹੇ ਫੁੱਲਾਂ ਉੱਤੇ
ਤਿੱਤਲੀਆਂ ਭੌਰੇ
ਕਦ ਆਉਣਗੇ ਹੱਸ 2 ਕੇ-
ਕਦੋਂ ਖੇਤ ਵੀ ਪਾਉਣਗੇ ਭੰਗੜੇ ਚਾਵਾਂ ਨਾਲ
ਕਦੋ ਬੇਰੁਜ਼ਗਾਰ ਭਰੇ ਚੌਕਾਂ ਨੂੰ
ਟੁੱਕ ਮਿਲੇਗਾ ਦੋ ਡੰਗ ਦਾ-
ਕਦ ਕਿਰਤ ਦੇ ਬੱਚੇ ਸੌਣਗੇ ਪੇਟ ਭਰ ਕੇ-
ਕਦ ਰਿਕਸ਼ੇਵਾਲਾ ਘਰ ਨੂੰ
ਕੋਈ ਖਿਲੌਣਾਂ ਲੈ ਕੇ ਜਾਵੇਗਾ ਖੁਸ਼ੀ ਦਾ
ਕਿਹੜਾ ਦਿਨ ਆਸਾ ਦੀ ਵਾਰ
ਖੇੜਿਆਂ ਨਾਲ ਗਾਏਗਾ-
ਕਦੋਂ ਰਹਿਰਾਸ 'ਚੋਂ ਮਰਨਗੇ ਤੌਖ਼ਲੇ
ਕਦੋਂ ਖਿੜ੍ਹਣਗੀਆਂ ਦੁਪਹਿਰਾਂ
ਪੂਰੇ ਜੌਬਨ 'ਚ ਆ ਕੇ
ਕਦੋਂ ਸੂਰਜ ਉਦੈ ਹੋਵੇਗਾ
ਰਿਸ਼ਮਾਂ ਦੇ ਚੌਰ ਦੀ ਸੰਪੂਰਨ ਲਿਸ਼ਕ ਲੈ ਕੇ-
ਮੰਦਿਰ ਮਸਜਿਦਾਂ ਗੁਰੂ ਦੁਵਾਰੇ
ਰਾਮ ਅੱਲ੍ਹਾ ਰੱਬ ਨੂੰ
ਕਦ ਲੱਭ ਕੇ ਲਿਆਉਣਗੇ ਆਪਣੇ 2 ਘਰ
ਬੇਲੀਆ ਜਦ ਦੀ ਰਾਜਨੀਤੀ
ਇਹਨਾਂ ਪੌੜ੍ਹੀਆਂ ਤੇ ਚੜ੍ਹੀ ਹੈ-
ਨੇਤਾਵਾਂ ਨੇ ਕੋਈ ਵੀ ਰੱਬ
ਅਰਾਮ ਨਾਲ ਸੌਣ ਨਹੀਂ ਦਿਤਾ
ਪੱਥਰਾਂ ਦੀ ਪਿਆਸ ਬੁਝਾ ਰਹੇ ਹਨ
ਦੁੱਧ ਬੁੱਧ ਭਰੇ ਡੋਲ
ਪਿਆਸੀਆਂ ਭੁੱਖੀਆਂ ਰੂਹਾਂ
ਖਾਲੀ ਕੌਲੀਆਂ ਲੈ
ਬਾਹਰ ਖੜ੍ਹੀਆਂ ਤਰਸ ਰਹੀਆਂ ਹਨ
ਮੰਤਰੀ ਦੇ ਆਉਣ ਤੇ
ਰੱਬ ਨੂੰ ਉੱਠ ਕੇ ਸਿਰ ਨਿਵਾਉਣਾ ਪੈਂਦਾ ਹੈ-
ਪੱਬ ਉੱਠ 2 ਸਿਰੋਪੇ ਪਾਉਂਦੇ ਹਨ-
ਖ਼ਿਤਾਬ ਮੱਲੋਮੱਲੀ ਬਨ੍ਹੇਰਿਆਂ ਤੋਂ ਡਿੱਗਦੇ ਹਨ-
ਹੱਕ ਮੰਗਦੇ ਰਾਹ ਚੁੱਪ ਕਰਵਾ ਦਿਤੇ ਜਾਂਦੇ ਹਨ-
ਜੈੱਡ ਸਕਿਓਰਟੀਆਂ ਡਰਦੀਆਂ
ਕੁਚਲਦੀਆਂ ਲੰਘਦੀਆਂ ਹਨ
ਸੜਕਾਂ 'ਤੇ ਟੁੱਕ ਲਈ ਉੱਲਰੇ ਹੱਥਾਂ ਨੂੰ-
ਯਾਰੋ ਪਤਾ ਨਹੀਂ ਅਸੀਂ ਸਾਰੇ
ਆਪਣੇ ਘਰ ਦੇਸ਼ ਚ ਆ ਕੇ ਵੀ
ਕਿਉਂ ਅਸੁਰੱਖਿਅਤ ਹੋ ਜਾਂਦੇ ਹਾਂ ਤੁਹਾਡੇ ਵਾਂਗ-
ਉੱਤਰਦਿਆਂ ਨੂੰ ਹੀ-
ਬੇਹੂਦਾ ਬਦਸ਼ਕਲ ਸਵਾਲਾਂ ਚ ਉਲਝਾ ਲੈਂਦਾ ਹੈ ਏਅਰਪੋਰਟ -
ਸਾਡੇ ਆਪਣੇ ਹੀ ਬੀਜੇ ਰੁੱਖ
ਸਾਡੇ ਪਛਾਣ ਪੱਤਰ ਮੰਗਦੇ ਹਨ-
ਜਨਮ ਭੋਂ ਦਾ ਨਾਂ ਪੁੱਛਦੇ ਹਨ
ਕਦੋਂ ਤੇ ਕਿਉਂ ਗਏ ਸੀ-
ਹੁਣ ਕੀ ਕਰਨ ਆਏ ਹੋ?
ਸੜਕਾਂ ਰੋਕ 2 ਪੁੱਛਦੀਆਂ ਹਨ-
ਕੌਣ ਹੋ, ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਹੈ-
ਤੇ ਕਿੰਨੇ ਦਿਨ ਰਹੋਗੇ-
ਦੋਸਤੋ ਆਪਣੇ ਪਿੰਡ ਆਉਂਦਿਆਂ ਨੂੰ
ਕਦੇ ਕੋਈ ਰਾਹ ਪਿੰਡ ਦਾ ਨਾਂ ਨਹੀਂ ਪੁੱਛਦਾ ਹੁੰਦਾ
ਬਚਪਨ ਜਿਹਨਾਂ ਘਨ੍ਹੇੜੀ ਤੇ ਖਿਡਾਇਆ ਹੋਵੇ
ਉਹ ਘਰ ਕਦੇ ਬੇਪਛਾਣ ਨਹੀਂ ਕਰਦੇ ਹੁੰਦੇ
ਆਪਣੇ ਹੱਥੀਂ ਸਜਾਏ ਬੂਹੇ
ਪਛਾਣਦੇ ਨਹੀਂ ਹੁੰਦੇ ਬਾਹਰ ਖੜ੍ਹਿਆਂ ਨੂੰ-
ਸਗੋਂ ਗਲਵੱਕੜੀਆਂ ਚ ਲੈਂਦੇ ਹੁੰਦੇ ਨੇ ਘੁੱਟ 2 ਕੇ-
ਹੱਥ ਚੁੰਮਦੇ ਹੁੰਦੇ ਨੇ ਵਾਰ 2-
ਪੰਜਾਬ ਦੇਖੀਂ ਐਤਕੀਂ ਫਿਰ ਏਦਾਂ ਨਾ ਕਰੀਂ
ਮੈਂ ਦਿੱਲੀ ਦੀਆਂ ਸੜਕਾਂ ਤਾਂ ਟੱਪ ਆਵਾਂਗਾ-
ਪਰ ਤੂੰ ਬੂਹੇ ਖੋਲ੍ਹ ਕੇ ਰੱਖੀਂ
ਬਹੁਤ ਦਿੱਲ ਕਰਦਾ ਹੈ ਤੈਨੂੰ ਸਾਹਾਂ 'ਚ ਵਸਾਉਣ ਨੂੰ
ਤੇਰੇ ਨਾਲ ਹੱਸਣ ਗਾਉਣ ਨੂੰ-
ਦਰਾਂ 'ਤੇ ਦੋ ਖੁਸ਼ੀ ਦੇ ਹੰਝੂ ਪਾਉਣ ਨੂੰ