ਕੱਚੇ ਰੰਗ ਦੇ ਦੁਪੱਟੇ ਕੋਲੋਂ ਡਰ ਗਈ
ਮੈਂ ਬਾਬਲੇ ਦੀ ਪੱਗ ਧੋਂਦਿਆਂ।
ਚੀਕ ਮਾਰ ਕੇ ਪਿਛਾਂਹ ਭੱਜੇ ਸੁਪਨੇ
ਤੂੰ ਨੀਂਦਰਾਂ 'ਚ ਸਿਵਾ ਬਾਲ਼ਿਆ।
ਨੀਂ ਮੈਂ ਜੰਮਦੀ ਬਾਦਸ਼ਾਹ ਹੋਈ
ਕੁਨਬੇ ਦੀ ਧੌਣ ਝੁਕ ਗਈ।
ਮੇਰੀ ਲਹਿੰਦੇ ਵਿਚ ਈਦ ਗੁਆਚੀ
ਮੈਂ ਚੜ੍ਹਦੇ 'ਚ ਰਿੰਨ੍ਹਾਂ ਸੇਵੀਆਂ।
ਗਿੱਚੀ ਵਿੱਚ ਮਾਂ ਅਕਲ ਦਾ ਵਾਸਾ
ਨੀਂ ਹੌਲੀ-ਹੌਲੀ ਗੁੰਦ ਮੀਢੀਆਂ।
'ਗੂਠਾ ਬਾਪੂ ਦਾ ਹਵਾਈ ਅੱਡਾ ਬਣਿਆ
ਪੁੱਤਾਂ ਦੇ ਜਹਾਜ਼ ਉੱਡ ਗਏ।
ਬਹਿ ਕੇ ਮੌਣ 'ਤੇ ਖਵਾਜਾ ਪੀਰ ਰੋਇਆ
ਟਿੰਡਾਂ ਦਾ ਵੈਰਾਗ ਉੱਠਿਆ।
ਜਦੋਂ ਪੈਲੀਆਂ 'ਚ ਜਲ-ਥਲ ਹੋਇਆ
ਬਾਬਲੇ ਦੇ ਹੰਝੂ ਮੁੱਕ ਗਏ।
ਨੀਂ ਮੈਂ ਦੁੱਖਾਂ ਦੇ ਬਰੋਟੇ ਹੇਠਾਂ ਨੱਚਣਾ
ਹਾਓਕਿਆਂ ਦੇ ਬੰਨ੍ਹ ਘੁੰਗਰੂ।
ਪੈਂਤੀ ਡਰ ਕੇ ਕੰਨਾਂ 'ਤੇ ਹੱਥ ਧਰ ਲਏ
ਪੰਜਾਬੀ ਵਾਲਾ ਕਾਇਦਾ ਪਾਟਿਆ।
ਵੇ ਮੈਂ ਜੰਦਰਾ ਮਾਰਨਾ ਭੁੱਲ ਗਈ
ਰਿਸ਼ਤੇ 'ਚੋਂ ਮੋਹ ਭੱਜ ਗਿਆ।
ਭੁੱਬਾਂ ਮਾਰਕੇ ਆਂਦਰਾਂ ਰੋਈਆਂ
ਅੰਨਦਾਤਾ ਭੁੱਖਾ ਵੇਖਕੇ।
ਵੇ ਮੈਂ ਸ਼ਬਦਾਂ ਦਾ ਡੂੰਮਣਾ ਉਡਾਇਆ
ਉਹ ਅਰਥਾਂ ਦਾ ਸ਼ਹਿਦ ਪੀ ਗਿਆ।
ਲਾਲ ਰੰਗ ਦਾ ਤੂੰ ਕੁੜਤਾ ਸੰਵਾਇਆ
ਚੰਨਾਂ ਸਾਡੀ ਰੱਤ ਚੂਸ ਕੇ।
ਧੂਣੀ ਦੇਹ ਦੀ ਧੁਖਾ ਕੇ ਜੱਟ ਦੁਖੀਆ
ਸਿਵਿਆਂ 'ਚ ਤਪ ਕਰਦਾ।
ਰਹਿਣ ਦਿੱਲੀ ਤੇ ਲਾਹੌਰ ਸਦਾ ਵੱਸਦੇ
ਨਨਕਾਣੇ ਵਿਚੋਂ ਬੋਲ ਗੂੰਜਿਆ।
ਨੈਣੀਂ ਸੁਰਮਾ ਨੂਰ ਦਾ ਪਾ ਕੇ
ਮੈਂ 'ਨ੍ਹੇਰਿਆਂ ਦੀ ਗਲੀ ਲੰਘਦੀ।
ਦੇਸ਼ ਛੋਲਿਆਂ ਦੀ ਲੱਪ ਵਾਂਗੂੰ ਚੱਬਿਆ
ਵੇ ਹਾਕਮਾ ਬਦਾਮ ਰੰਗਿਆ।
ਤੇਲ ਨੈਣਾਂ ਵਾਲੇ ਦੀਵਿਆਂ 'ਚੋਂ ਡੋਲ੍ਹਿਆ
ਵੇ ਸੂਰਜ ਦੇ ਮੁੱਖ ਵਾਲਿਆ।
ਮੇਰੀ ਡੋਲੀ ਤੋਂ ਵਾਰਨਾ ਕੀਤਾ
ਨਹਿਰ ਵਾਲਾ ਕਿੱਲਾ ਵੀਰ ਨੇ।
ਵੇ ਆ ਪੁੱਟੀਏ ਮੁਹੱਬਤਾਂ ਵਾਲਿਆ
ਸੋਚਾਂ 'ਚ ਨਦੀਨ ਉੱਗਿਆ।