ਪੁੱਛੋ ਪੁੱਛੋ ਇਹ ਪੰਜਾਬਣਾ ਨੂੰ ਪੁੱਛੋ,
ਰੂਪ ਮੱਤੀਆਂ ਮਜਾਜਣਾਂ ਨੂੰ ਪੁੱਛੋ,
ਇਹ ਫੈਸ਼ਨਾਂ ਚ ਕਿਉ ਰੁਲੀਆਂ।
ਤੀਆਂ ਸੁੰਨੀਆਂ ਗਿੱਧੇ ਚ ਉਹੋ ਗੱਲ ਨਾ
ਇਹ ਵਿਰਸੇ ਨੂੰ ਕਿਉ ਭੁੱਲੀਆਂ?
ਪੁੱਛੋ ! ਪੁੱਛੋ!
ਕਿੱਥੇ ਗਿਆ ਉਹ ਰਿਵਾਜ ਮੇਰੇ ਬੇਲੀਓ
ਸੱਗੀ ਫੁੱਲ ਹੁੰਦੇ ਸੀ ਜਦੋਂ।
ਕੰਨੀ ਕੋਕਰੂ ਕਿਸੇ ਦੇ ਸਨ ਡੰਡੀਆਂ
ਸੁਹਣੇ ਸੁਹਣੇ ਬੁੰਦੇ ਸੀ ਜਦੋਂ।
ਸਾਡੇ ਵਿਹੜੇ ‘ਚੋਂ ਉਡਾ ਕੇ ਦੂਰ ਲੈਗੀਆਂ
ਇਹ ਕਿਹੜੀਆਂ ਹਵਾਵਾਂ ਝੁੱਲੀਆਂ।
ਪੁੱਛੋ !ਪੁੱਛੋ!
ਲਹਿੰਗਾ ਲੱਕ ਦਾ ਸ਼ਿੰਗਾਰ ਕਿੱਥੇ ਰਹਿ ਗਿਆ ਤੇ ਉਹੋ ਫੁਲਕਾਰੀ ਨਾ ਰਹੀ।
ਨੱਥ ਮਛਲੀ ਰਹੇ ਨਾ ਲੌਂਗ ਤੀਲੀਆਂ ਉਹ ਕਜਲੇ ਦੀ ਧਾਰੀ ਨਾ ਰਹੀ।
ਕੀਹਨੇ ਸਿਖ਼ਰ ਦੁਪਹਿਰੇ ਡਾਕਾ ਮਾਰਿਆ
ਲੁੱਟੀਆਂ ਇਹ ਅਣਮੁੱਲੀਆਂ।
ਪੁੱਛੋ !ਪੁੱਛੋ !
ਕਿੱਥੇ ਰੱਖ ਕੇ ਪੰਜੇਬਾਂ ਨੀ ਤੂੰ ਭੁੱਲਗੀ ਉਹ ਮੋਰਨੀ ਦੀ ਚਾਲ ਨਾ ਰਹੀ।
ਸੱਸੀ ਸੋਹਣੀ ਜਹੀ ਪਰੀਤ ਸੱਚੀ ਸੁੱਚੀ,ਉਹੋ ਵੀ ਤੇਰੇ ਨਾਲ ਨਾ ਰਹੀ।
ਛੱਡ ਘੋੜੀਆਂ ,ਸੁਹਾਗ ਮਿੱਠੇ ਮਿੱਠੇ ਇਹ ਡਿਸਕੋ ਤੇ ਕਿਉ ਡੁੱਲ੍ਹੀਆਂ।
ਪੁੱਛੋ !ਪੁੱਛੋ!
ਹੂਕ ਨਿਕਲੇ ਪੰਜਾਬ ਵੱਲ ਵੇਖ ਕੇ ਹਾਏ !ਉਹੋ ਤਸਵੀਰ ਨਾ ਰਹੀ।
ਕਾਲੇ ਸੂਫ ਦਾ ਪਾਉਦੀ ਸੀ ਜਿਹੜਾ ਘੱਗਰਾ
ਉਹ ਰਾਂਝਣੇ ਦੀ ਹੀਰ ਨਾ ਰਹੀ।
ਗੱਗੜ ਮਾਜਰੇ ਦਾ ਨੇਕ ਜੋ ਵੀ ਕਹਿ ਗਿਆ
ਗੱਲਾਂ ਨੇ ਇਹ ਵਡਮੁੱਲੀਆਂ।
ਪੁੱਛੋ !ਪੁੱਛੋ !