ਏਸ ਪੰਜਾਬੇ ਪਾਣੀ ਆਇਆ

ਧਰਤ ਪਈ ਸ਼ਰਮਾਏ

ਰਸ-ਤਰਿਔਤ ਫਿਰੀ ਸਭ ਥਾਂਈਂ

ਸਭ ਨੱਗਰ ਹਰਿਆਏ

ਏਸ ਪੰਜਾਬੇ ਅੱਖਰ ਫਲ਼ਿਆ

ਧੰਨ-ਧੰਨ ਪਾਠ ਕਰਾਏ

ਏਸ ਪੰਜਾਬ ਨੇ ਥੋਹਰਾਂ ਦੇ ਫੁੱਲ

ਗੀਤਾਂ ਦੇ ਵਿੱਚ ਗਾਏ

ਏਸ ਪੰਜਾਬੋਂ ਹੀਰਾਂ ਉੱਠੀਆਂ

ਵਾਰਿਸ ਬਣਤ ਬਣਾਏ

ਜੰਡੀਆਂ ਥੱਲੇ ਬੈਠਾ ਬਾਬਾ

ਖ਼ਾਕੁ ਪਿਆ ਵਡਿਆਏ

ਬੰਨਿਆਂ ਉੱਤੇ ਨੱਚਦੇ ਫਿਰਦੇ

ਮੋਰਾਂ ਦੇ ਹਮਸਾਏ

ਸੋਨ-ਸੁਨਹਿਰੀ ਕਣਕਾਂ ਉੱਤੇ

ਮੀਂਹ ਕਾਹਤੋਂ ਵਰ੍ਹ ਜਾਏ ?

ਸਾਉਣ ਮਹੀਨੇ ਤੀਆਂ ਲੱਗੀਆਂ

ਅੱਸੂ ਕਾਜ ਰਚਾਏ

ਲਹਿੰਗਿਆਂ ਦੇ ਵਿੱਚ ਹਾਣ ਦੀਆਂ ਨੇ

ਥੱਬਾ-ਥੱਬਾ ਵਲ਼ ਪਾਏ

ਚੜ੍ਹਦੇ ਪਾਸੇ ਰੋਹੀ ਦੇ ਕੋਈ

ਨਾਗ ਲਪੇਟਾ ਖਾਏ

ਅੰਡੇ ਧਰ ਕੇ ਉੱਡ ਗਏ ਤਿਲੀਅਰ

ਕਿਹੜਾ ਮਗਰੇ ਜਾਏ ?

ਏਸ ਪੰਜਾਬੋਂ ਨਾਨਕ ਤੁਰਿਆ

ਤੁਰਿਆ ਚਹੁੰ ਦਿਸਾਏ

ਏਸ ਪੰਜਾਬੇ ਗੋਬਿੰਦ ਕੇ ਸਿੱਖ

ਗੱਤਕਾ ਖੇਡਣ ਆਏ

ਏਸ ਪੰਜਾਬ ਨੂੰ ਰੱਜ ਕੇ ਲੁੱਟਿਆ

ਹਾਥੀਆਂ-ਘੋੜੇ ਧਾਏ

ਜਿਹੜੇ ਇਸ ਦੇ ਟੁਕੜੇ ਹੋ ਗਏ

ਮੁੜ ਕੇ ਨਾ ਫ਼ਿਰ ਥ੍ਹਿਆਏ

📝 ਸੋਧ ਲਈ ਭੇਜੋ