ਪੰਜਾਬੀ ਦੀ ਪੁਕਾਰ

ਇਕ ਦਿਨ ਕਲਮ ਦੇ ਖੁਲ੍ਹੇ ਮਜ਼ਮੂਨ ਉਤੇ, 

ਤੁਰਿਆ ਜਾਂਦਾ ਸਾਂ ਸੋਚਦਾ ਸੋਚਦਾ ਮੈਂ । 

ਹੱਥ ਮਾਰਿ ਖ਼ਯਾਲਾਂ ਦੇ ਚੌਹੀਂ ਪਾਸੀਂ, 

ਲਫ਼ਜ਼ ਢੁਕਵੇਂ ਜਾਂਦਾ ਸਾਂ ਬੋਚਦਾ ਮੈਂ

ਨਾਲ ਵਜ਼ਨ ਦੇ ਉਨ੍ਹਾਂ ਹੀ ਫਿਕਰਿਆਂ ਨੂੰ, 

ਅੱਛੀ ਤਰ੍ਹਾਂ ਸਾਂ ਮਾਂਜਦਾ ਪੋਚਦਾ ਮੈਂ । 

ਪਿੰਗਲ ਨਾਲਿ ਸੰਯੁਕਤ ਸ਼ੰਗਾਰ ਕਰਕੇ, 

ਨਜ਼ਮ ਇਕ ਬਣਾਨੀ ਸਾਂ ਲੋਚਦਾ ਮੈਂ । 

ਵਗਦਾ ਪਿਆ ਸਾਂ ਜ਼ਿਮੀਂ ਦੇ ਸਫੇ ਉਤੇ, 

ਆਪਾ ਵਹਿਣ ਦੇ ਵਿਚ ਡਬੋ ਗਿਆ ਸਾਂ । 

ਵਾਚ ਗਈ ਸੀ ਪੱਤਰਾ ਸੁਰਤਿ ਮੇਰੀ, 

ਜਦੋਂ ‘ਕਲਮੱ ਦਾ ਰੂਪ ਹੀ ਹੋ ਗਿਆ ਸਾਂ । 

ਚੁੱਕ ਚੁੱਕ ਕੇ ਮੇਰੀਆਂ ਸਾਥਣਾਂ ਨੂੰ, 

“ਇੰਡੀਪੈਨਡੈਂਟ ਲੋਕਾਂ ਬਣਾ ਛੱਡਿਆ । 

ਘਿਸਰ ਘਿਸਰ ਦੀ ਐਵੇਂ ਆਵਾਜ਼ ਨੂੰ ਹੀ 

ਸਾਰੇ ਜਗ ਦੇ ਵਿਚ ਗੁੰਜਾ ਛਡਿਆ । 

ਉਨ੍ਹਾਂ ਮਾੜੇ ਜਿਹੇ ਮੋਤੀ ਨੂੰ ਆਬ ਦੇ ਕੇ, 

ਕਿਵੇਂ ਅਰਸ਼ ਦੇ ਉਤੇ ਚਮਕਾ ਛਡਿਆ। 

ਐਪਰ ਏਧਰ ਤੂੰ ਹਾਏ ਬੇਕਦਰ ਬੰਦੇ, 

ਮੈਨੂੰ ਪਿੰਡਾਂ ਦੇ ਵਿਚ ਰੁਲਾ ਛਡਿਆ। 

ਦਿਲ ਵਿਚ ਹੂਕ ਤੇ ਕੂਕ ਜ਼ਬਾਨ ਉਤੇ, 

ਕੋਹੇ ਪਈ ਬੇਕਦਰੀ ਦੀ ਕਰਦ ਮੈਨੂੰ

ਮੇਰਾ ਹਾਲ ਇਹ ਸੌਰਨਾ ਨਹੀਂ ਉੱਚਰ, 

ਜਿੱਚਰ ਚੁਕੂ ਨਾ ਕੋਈ ‘ਹਮਦਰਦ’ ਮੈਨੂੰ।

📝 ਸੋਧ ਲਈ ਭੇਜੋ