ਪੰਜਾਬੀ ਜੁਬਾਨ

ਬਾਬੇ ਦੀ ਬਾਣੀ ਮਰਦਾਨੇ ਦੀ ਰਬਾਬ ਚੋਂ

ਚੋਜੀ ਦੀ ਤੇਗ ਤੋਂ ਜਾਂ ਦਰਿਆ ਚਨਾਬ ਤੋਂ  ।। 

ਕੀਹਦੀ ਗੁੜਤੀ ਦਾ ਇਹ ਮੁਹਾਂਦਰਾ ਰਕਾਨੇ ਨੀ।

ਦਸ ਦੇ ਜੁਬਾਨੇ ਨੀ, ਪੰਜਾਬੀਏ ਜੁਬਾਨੇ ਨੀ।। 

ਤੇਰੇ ਮਿੱਠੇ ਬੋਲ ਰੂਹ 'ਚ ਛੇੜ ਜਾਣ ਕਾਂਬੇ ਨੀ। 

ਪੰਜਾਬੀਏ ਜੁਬਾਨੇ ਨੀ, ਮਿੱਠੀਏ ਜੁਬਾਨੇਂ ਨੀਂ ।। 

ਵੀਰ ਸਿੰਘ ਦੇ ਸੋਹਣੇ ਲਫਜਾਂ ਦਾ ਤੀਰ ਏਂ। 

ਵਾਰਿਸ ਦੀ ਵਾਹੀ ਹੋਈ ਪਿਆਰ ਦੀ ਲਕੀਰ ਏਂ।। 

ਸੋਹਣੀਆਂ ਤੋਂ ਸੋਹਣੀ ਏਂ ਤੂੰ ਹੀਰਾਂ 'ਚੋਂ ਹੀਰ

ਚੜ੍ਹਦੇ ਤੇ ਲਹਿੰਦੇ ਹੋਏ ਪੰਜਾਬ ਦਾ ਸਰੀਰ ਏਂ।। 

ਤੇਰੀ ਦਿੱਤੀ ਖਾਈਏ ਤੂੰ ਹੀ ਭਰੇ ਨੇ ਖਜਾਨੇ ਨੀ। 

ਪੰਜਾਬੀਏ ਜੁਬਾਨੇਂ ਨੀਂ ਮਿੱਠੀਏ ਜੁਬਾਨੇਂ ਨੀ।। 

ਤੀਆਂ ਤ੍ਰਿੰਞਣਾ ਦੀ ਸ਼ਾਨ ਜਾਨ ਮੇਲਿਆਂ ਦੀ। 

ਜਾਈ ਫਕੀਰਾਂ, ਪਲੀ ਜੰਗਲਾਂ ਤੇ ਬੇਲਿਆਂ ਦੀ।। 

ਬੁੱਲੇ ਜਿਹੇ ਭੁੱਲਿਆਂ ਦੀ, ਸੱਥਾਂ ਦੀ ਚੁਲ੍ਹਿਆਂ ਦੀ। 

ਖਾਲਸੇ ਦੀ ਫਤਹਿ, ਸਿਰਲੱਥ ਅਲਬੇਲਿਆਂ ਦੀ।। 

ਬਣ ਬਣਕੇ ਪੈਗਾਮ ਗੂੰਜੀ ਗਗਨ ਦਮਾਮੇ ਨੀਂ

ਪੰਜਾਬੀਏ ਜਬਾਨੇਂ ਨੀਂ, ਮਿੱਠੀਏ ਜਬਾਨੇਂ ਨੀਂ। 

📝 ਸੋਧ ਲਈ ਭੇਜੋ