ਪੰਜਾਬੀ
ਸਿਰਫ਼ ਭਾਸ਼ਾ ਨਹੀਂ
ਪੰਜਾਬੀ
ਰੂਹਾਂ ਦਾ ਰੂਹਾਨੀ ਤਰਜਮਾ ਹੈ
ਲਾਸਾਨੀ ਅਦੀਬਾਂ ਦੇ ਲਾਫਾਨੀ ਕਲਾਮ
ਦਾ ਸਿਰਨਾਵਾਂ ਹੈ
ਪੰਜਾਬੀ ।
ਪੰਜਾਬੀ
ਗਗਨ ਮਹਿ ਥਾਲ ਵਾਂਗ ਭ੍ਰਮਣ ਕਰਦੀ
ਸਗਲ ਸ੍ਰਿਸ਼ਟੀ
ਤੇ ਸੱਭੈ ਸਾਂਝੀਵਾਲਤਾ ਨੂੰ
ਕਲਾਵੇ ਵਿੱਚ ਲੈਣ ਵਾਲੀ ਕਾਇਨਾਤੀ
ਦ੍ਰਿਸ਼ਟੀ ਹੈ ।
ਪੰਜਾਬੀ ਬੋਲ਼ਣ ਵਾਲਿਓ
ਧਿਆਨ ਰੱਖਿਓ
ਮਾਂਵਾਂ ਨਿੱਤਨੇਮ ਕਰਦੇ ਸਮੇਂ
ਅੱਖਰਾਂ ਸ਼ਬਦਾਂ ਵਾਕਾਂ ‘ਤੇ
ਧੂਫ ਧੁਖਾਉਂਦੀਆਂ ਨੇ
ਮੱਥੇ ਨਾਲ ਲਾਉਂਦੀਆਂ ਨੇ
ਅਪਸ਼ਬਦ ਬੋਲ ਪਲੀਤ ਨਾ ਕਰਨਾ
ਇਹਨਾਂ ਨੂੰ ।
ਪੰਜਾਬੀ
ਸਿਰਫ਼ ਭਾਸ਼ਾ ਨਹੀਂ
ਇੱਕ ਮੁਕੱਦਸ ਉਚਾਰ ਹੈ
‘ਲੱਖ ਅਗਾਸਾ,ਪਾਤਾਲਾ ‘ਤੀਕ ਗੂੰਜਦਾ
ਮਹਾਂ ਨਾਦ ਹੈ
ਪੰਜਾਬੀ ।
ਵੱਡ ਭਾਗੀ ਹੈ ਪੰਜਾਬੀ
ਕਿ ਇਹ ਸਿਰਫ ਭਾਸ਼ਾ ਨਹੀ
ਸਗਲ ਖੰਡ ਬ੍ਰਹਿਮੰਡ ਦੀ
ਅਗੰਮੀ ਜੋਤ ਦੀ ਲੋਅ ਹੈ
ਜੋ ਜਗਦੀ ਰਹੇਗੀ
ਜੁਗਾਂ ਜੁਗਾਤਰਾਂ ਤੀਕ
ਰਹਿੰਦੀ ਦੁਨੀਆ ਤੀਕ …