ਪੰਜਾਬੀ ਯੋਧੇ
ਮੇਰੇ ਭਰਾ
ਪਿਓ ਦਾਦੇ ਵਰਗੇ
ਪੰਜਾਬ ਦੀ ਸ਼ਾਨ ਦੇ ਵਾਰਸ
ਹੀਰੋ ਨੇ ਕਿਸੇ ਅਣਲਿਖੀ ਕਹਾਣੀ ਦੇ
ਅਨੋਖੀ ਜਰਵਾਣੀ ਮਾਂ ਦੇ ਲਾਡਲੇ
ਪੰਜ ਆਬਾਂ
ਤੇ ਜ਼ਰਖ਼ੇਜ਼ ਮਿੱਟੀ ਦੀ ਉਮੀਦ
ਅੰਨਦਾਤੇ ਹੈਂਕੜਾਂ ਨੂੰ ਵੰਗਾਰਦੇ
ਸੂਰਬੀਰ ਯੋਧੇ
ਅਣਗਿਣਤ
ਗਿਣੇ ਨਾ ਜਾਣ
ਸ਼ੇਰਾਂ ਵਾਂਗ ਉੱਠਣ ਗੂੜ੍ਹੀ ਨੀਂਦ ਤੋਂ
ਆਪਣੀਆਂ ਬੇੜੀਆਂ ਨੂੰ
ਝਾਂਜਰਾਂ ਵਾਂਗ ਛਣਕਾਉਣ
ਝਟਕਣ
ਤ੍ਰੇਲ ਵਾਂਗ
ਖੇਡਾਂ ਖੇਡਦੇ ਪੱਤਿਆਂ
ਫੁੱਲਾਂ ਨਾਲ
ਹੱਥਕੜੀਆਂ ਚ
ਬੰਨ੍ਹੇ ਹੋਏ ਹੱਥਾਂ ਨਾਲ
ਇਕੱਲੇ ਲੱਖਾਂ ਵਰਗੇ
ਗੋਬਿੰਦ ਦੇ ਜਾਏ
ਤੁਸੀਂ ਬਹੁਤ ਸਾਰੇ ਵੀ
ਭੇਡਾਂ ਦੇ ਇੱਜੜ
ਇਕਸੁਰ, ਇਕਸਾਰ
ਇਕ ਦੂਜੇ ਵਿਚ ਵਸਦੇ
ਅਣਖ, ਅਦਬ ਤੇ ਅਰਦਾਸ
ਵਿਰਾਸਤ ਇਹਨਾਂ ਦੀ
ਹੱਕ-ਨਿਆਂ ਲਈ ਅੜ ਜਾਣਾ ਹਮਲਾਵਰਾਂ ਨੂੰ ਚਿੱਤ ਕਰਨਾ
ਮਾਨਵੀ ਕਦਰਾਂ-ਕੀਮਤਾਂ `ਤੇ ਪਹਿਰਾ
ਗੁੜ੍ਹਤੀ ਵਿਚ ਲਿਖਿਆ ਇਹਨਾਂ ਦੇ
ਗੁਰੂਆਂ, ਪੀਰਾਂ, ਫਕੀਰਾਂ,
ਤੋਂ ਸਿਖਿਆ ਪਹਿਲਾ ਸਬਕ
ਸਰਬੱਤ ਦਾ ਭਲਾ
ਤਹਿਜ਼ੀਬੀ ਤਵਾਰੀਖ
ਮਿੱਟੀ ਤੇ ਕਿਸਮਤ ਲਿਖਦੇ
ਪਸੀਨੇ ਦੀ ਸਿਆਹੀ ਨਾਲ
ਇਤਿਹਾਸ ਨੂੰ ਸਿਰਜਣ
ਤਹਿਜ਼ੀਬ ਦਾ ਮਾਣ ਬਖਸ਼ਣ
ਖੂਨ ਨਾਲ ਸਮੇਂ ਦੇ ਸਫਿਆਂ ਨੂੰ
ਮਰ੍ਹਮ ਪੱਟੀ ਕਰਨ
ਤੇ ਪਾਣੀ ਵੀ ਪਿਲਾਉਣ
ਜਖਮੀ ਦੁਸ਼ਮਣਾਂ ਨੂੰ
ਰਮਜ਼ਾਂ, ਰਿਵਾਜ਼, ਰਵਾਇਤਾਂ,
ਇਨ੍ਹਾਂ ਦੀਆਂ ਬਹੁਤ ਡੂੰਘੀਆਂ
ਯਾਰੀ ਇਹਨਾਂ ਦੀ ਤੂਤ ਦੇ ਮੋਛੇ
ਦੇਗਾਂ ਵਿਚ ਉਬਾਲੇ ਜਾਣ
ਆਰਿਆਂ ਨਾਲ ਚੀਰੇ ਜਾਣ
ਕਦੇ ਵੀ ਈਨ ਨਾ ਮੰਨਦੇ
ਚਰਖੜੀਆਂ `ਤੇ ਚੜ੍ਹ ਜਾਂਦੇ,
ਰੰਬੀਆਂ ਨਾਲ ਖੋਪਰੀਆਂ ਲੁਹਾ ਸਕਦੇ
ਬੰਦ-ਬੰਦ ਕਟਵਾ ਸਕਦੇ
ਨੀਂਹਾਂ ਵਿਚ ਚਿਣੇ ਜਾਣ
ਕਿਸੇ ਦੂਸਰੇ ਧਰਮ ਦੀ ਆਨ-ਸ਼ਾਨ ਵੀ ਸੀਸ ਕਰਨ ਭੇਟ
ਬੇਗਾਨੀਆਂ ਧੀਆਂ-ਭੈਣਾਂ ਨੂੰ ਅਗਵਾਕਾਰਾਂ ਕੋਲੋਂ ਛੁਡਾ,
ਇੱਜਤ ਨਾਲ ਉਨ੍ਹਾਂ ਦੇ ਘਰ ਪਹੁੰਚਾਉਣ
ਇਤਿਹਾਸ ਦੇ ਵਰਕਿਆਂ ਤੇ ਪੜ੍ਹੋ
ਕਿਰਦਾਰ, ਇਖਲਾਕ
ਅਤੇ ਚਰਿੱਤਰ ਇਹਨਾਂ ਦਾ
ਡੰਡੇ ਮਾਰਨ ਵਾਲੀ ਪੁਲਿਸ ਨੂੰ ਵੀ
ਲੰਗਰ ਛਕਾਉਣ
ਮਾਨਵਤਾ ਪ੍ਰਤੀ ਲਗਨ,
ਸੇਵਾ-ਭਾਵਨਾ,
ਵੰਡ-ਛਕਣ ਦੀ ਰੀਤ
ਅਤੇ ਲੰਗਰ ਪ੍ਰਥਾ ਦੀ
ਸੁੱਚਤਮਤਾ ਤੇ ਉਚਤਮਤਾ
ਇਹਨਾਂ ਨੇ ਹੀ ਤੋਰੀ ਉਂਗਲ ਲਾ ਕੇ
ਸਾੜਸਤੀ, ਮਹਾਂਮਾਰੀ ਵੇਲੇ
ਮਾਨਵਤਾ ਦੀਆਂ ਅੱਖਾਂ ‘ਚ ਆਏ
ਹੰਝੂ ਪੂੰਝਣ ਇਹੀ ਬਾਹਰ ਆਉਣ
ਭੁੱਖਿਆਂ ਲਈ ਲੰਗਰ ਲਾਉਣੇ
ਹਜ਼ਾਰਾਂ ਮਜ਼ਦੂਰਾਂ ਨੂੰ ਮਹਾਂਮਾਰੀ ਚ
ਉਨ੍ਹਾਂ ਦੇ ਘਰ ਪਹੁੰਚਾਣ
ਬੱਸਾਂ, ਰੇਲ-ਗੱਡੀਆਂ ਜਾਂ ਹਵਾਈ ਯਾਤਰਾ ਦਾ ਪ੍ਰਬੰਧ ਕਰਨ
ਲੋੜਵੰਦਾਂ ਨੂੰ ਜੋਖ਼ਮ ਵਿਚ ਪਾ ਕੇ,
ਉਨ੍ਹਾਂ ਦੀਆਂ ਲਿੱਲਕੜੀਆਂ, ਲੇਰਾਂ ਤੇ ਸਿੱਸਕੀਆਂ ਨੂੰ ਸੁਣਨ
ਆਸ ਤੇ ਉਮੀਦ ਦਾ ਚਿਰਾਗ ਬਣਨ
ਕਰੋਨਾ ਦੇ ਖੌਫ ਕਾਰਨ
ਜਦ ਮਾਲਕਾਂ ਨੇ ਕਿਰਾਏਦਾਰ
ਡਾਕਟਰਾਂ ਨੂੰ ਘਰੋਂ ਕੱਢਿਆ
ਗੁਰਦੁਆਰੇ,
ਉਨ੍ਹਾਂ ਲਈ ਰੈਣ-ਬਸੇਰੇ ਬਣੇ
ਸੀਰੀਆ ਜਾਂ ਇਰਾਕ ਵਿਚ
ਜੰਗਬੰਦੀ ਵਿਚ ਘਿਰੇ ਸ਼ਰਨਾਰਥੀ ਹੋਣ
ਉੜੀਸਾ, ਦੱਖਣੀ ਭਾਰਤ, ਗੁਜਰਾਤ
ਜਾਂ ਪੰਜਾਬ ਵਿਚ ਆਏ ਹੜ੍ਹ ਹੋਣ
ਇਹ ਭੁੱਖੇ ਰਹਿ ਕੇ ਵੀ ਸੇਵਾ ਕਰਨ
ਮਿਆਂਮਾਰ ਦੇ ਬਾਰਡਰ `ਤੇ ਘਿਰੇ ਰੋਹਿੰਗੇ ਮੁਸਲਮਾਨ ਹੋਣ
ਜਾਂ ਕਿਸਾਨੀ ਸੰਘਰਸ਼ ਦਿੱਲੀ ਬਾਰਡਰ `ਤੇ ਕਿਸਾਨਾਂ ਲਈ ਸਹੂਲਤਾਂ ਦਾ
ਸੁਯੋਗ ਪ੍ਰਬੰਧ ਹੋਵੇ
ਇਹ ਬਾਹਰ ਦਰ ਤੇ ਖੜੇ ਹੋਣ
ਦਾਨ ਕਰਨ,
ਮਨੁੱਖਤਾ ਦੇ ਅੱਥਰੂ ਪੂੰਝਣ
ਭੁੱਖੇ ਪਿਆਸਿਆਂ ਨੂੰ ਤ੍ਰਿਪਤ ਕਰਨ ਲਈ ਹਰ ਪਲ ਔਖੇ ਵੇਲੇ ਹਾਜ਼ਰ ਨਾਜ਼ਰ
ਪੀਜ਼ੇ, ਪਿੰਨੀਆਂ, ਬਦਾਮਾਂ ਦੇ ਲੰਗਰ
ਖੁੱਲ੍ਹਦਿਲ ਤੇ ਦਾਨੀ ਸੁਭਾਅ
ਫਿਰਾਖਦਿਲ
ਦਰਿਆ-ਦਿਲ
ਅਜ਼ੀਮ-ਏ-ਅਣਖ,
ਅਦਬ ਦਾ ਜਜ਼ਬਾ