ਪੰਜਾਬੋ-ਮਾਂ ਦਾ ਵੈਣ

ਕਮਲਿਆ ਪੁੱਤਾ!

ਸਾਡੀ ਕੁੱਲੀ ’ਚ ਤਾਂ

ਯੁਗਾਂ-ਯੁਗਾਂਤਰਾਂ ਤੋਂ

ਪੁੱਠੇ ਤਵੇ ਵਰਗਾ ਕਾਲ਼ਾ ਹਨ੍ਹੇਰਾ

ਤੈਨੂੰ ਚਿੱਟਾ ਕਿਹੜੀ ਗੁੱਠੋਂ ਲੱਭ ਗਿਆ

ਵੇ ਮੇਰੇ ਚੋਰ ਪੁੱਤਾ...

ਕਮਲਿਆ ਪੁੱਤਾ!

ਮੈਂ ਆਟਾ ਛਾਣਿਆ

ਸਾਰੀ ਪਰਾਤ ਚਿੱਟੀ-ਚਿੱਟੀ ਹੋ ਗਈ

ਛਾਨਣੀ..ਫਿਰ ਖਾਲੀ ਦੀ ਖਾਲੀ

ਮੈਂ ਤੇਰੇ ਛਾਨਣੀ ਹੋਏ ਸਰੀਰ ’ਚੋਂ

ਚਿੱਟਾ ਕਿੰਝ ਛਾਣਾਂ

ਵੇ ਮੇਰੇ ਗੋਰਿਆ ਪੁੱਤਾ...

ਕਮਲਿਆ ਪੁੱਤਾ!

ਤੂੰ ਟੀਕੇ ਤੋਂ ਡਰਦਿਆਂ

ਏਡੀ ਚੀਕ ਮਾਰੀ ਸੀ

ਬਾਲ-ਉਮਰੇ

ਹਸਪਤਾਲ ਦੀ ਕੰਧ ਪਾਟ ਗਈ

ਏਨੇ ਹੰਝੂ ਕੇਰੇ

ਮੈਨੂੰ ਦੋ ਵਾਰ ਚੁੰਨੀ ਨਚੋੜਨੀ ਪਈ ਸੀ

ਤੇ ਹੁਣ..ਤੂੰ ਹੱਸ ਕੇ ਗੱਡ ਲੈਨਾ

ਜੁੱਸੇ ਦੀ ਕੰਧ ’ਚ ਟੀਕੇ ਦੀ ਮੇਖ

ਤੇਰੀ ਕੁੰਦਨ ਦੇਹ ਦੀ ਕੰਧ

ਪਾਟਦੀ

ਖ਼ੂਨ ਨਾਲ ਮੇਰੀ ਚੁੰਨੀ

ਭਿੱਜਦੀ

ਪਰ ਤੂੰ ਚੀਕ ਨਹੀਂ ਮਾਰਦਾ

ਵੇ ਮੇਰੇ ਬਹਾਦਰ ਪੁੱਤਾ...

ਕਮਲਿਆ ਪੁੱਤਾ!

ਚਿੱਟ-ਕੱਪੜੀਏ ਦੇ ਬੋਝੇ ’ਚੋਂ

ਚਿੱਟੀ ਮੌਤ ਕਿਰੀ ਸੀ

ਤੇ ਤੂੰ..ਮਿਸ਼ਰੀ ਸਮਝ ਕੇ ਖਾ ਗਿਓਂ

ਵੇ ਮੇਰੇ ਸਿੱਧਰਿਆ ਪੁੱਤਾ...

ਕਮਲਿਆ ਪੁੱਤਾ!

ਤੂੰ ਸਿਵਿਆਂ ਵਾਲੇ ਰਾਹ ਤੋਂ ਡਰਦਾ

ਸਕੂਲ ’ਨੀਂ ਜਾਂਦਾ ਸੈਂ

ਹੁਣ ਤੈਨੂੰ

ਸਿਵਿਆਂ ਵਾਲੇ ਰਾਹ ’ਤੇ

ਬੇਖ਼ੌਫ਼ ਤੁਰਨ ਦੀ

ਕਿਹੜੇ ਮਾਸਟਰਾਂ ਨੇ

ਪੱਟੀ ਪੜ੍ਹਾ ਦਿੱਤੀ

ਵੇ ਮੇਰੇ ਪੜ੍ਹਾਕੂਆ ਪੁੱਤਾ...

ਕਮਲਿਆ ਪੁੱਤਾ!

ਜਦ ਤੂੰ ਜੰਮਿਆਂ ਸੈਂ

ਤਾਂ ਮੈਂ ਮਿੱਠੀ ਗੁੜ੍ਹਤੀ ਨਾਲ

ਕਢਾਈ ਸੀ ਤੇਰੀ ਸਾਹੇ ਚਿੱਠੀ

ਤੂੰ ਕੁੜੱਤਣ ਨਾਲ ਲਾਵਾਂ

ਕਦੋਂ ਲੈ ਲਈਆਂ

ਵੇ ਮੇਰੇ ਆਸ਼ਕਾ ਪੁੱਤਾ...

ਕਮਲਿਆ ਪੁੱਤਾ!

ਜਦੋਂ ਤੇਰੇ ਪਾਲਤੂ ’ਮੋਤੀ’ ਨੂੰ

ਕਿਸੇ ਨੇ ਕੁਝ ਦੇ ਦਿੱਤਾ ਸੀ

ਤੂੰ ਇੰਜ ਰੋਇਆ ਸੀ

ਜਿਵੇਂ ਗੁਆਚੇ ਕੋਹੇਨੂਰ ਨੂੰ

ਵਪਾਰੀ ਰੋਂਦਾ

ਤੇ ਤੂੰ ਮੌਤ ਦੇ ਸੌਦਾਗਰਾਂ ਹੱਥ

ਮੋਤੀ ਤੋਂ ਵੀ ਸਸਤਾ ਵਿਕ ਗਿਓਂ

ਵੇ ਮੇਰੇ ਹੀਰਿਆ ਪੁੱਤਾ...

ਕਮਲਿਆ ਪੁੱਤਾ!

ਸਾਰੇ ਦਾ ਸਾਰਾ ਚਿੱਟਾ ਖਾ ਗਿਓਂ

ਹੁਣ ਮੈਂ ਤੇਰੇ ’ਤੇ

ਖੱਫ਼ਣ ਕਿਹੜੇ ਰੰਗ ਦਾ ਪਾਵਾਂ?

ਵੇ ਮੇਰੇ ਰਾਂਗਲਿਆ ਪੁੱਤਾ

ਦੱਸ?

ਹੁਣ ਮੈਂ ਤੇਰੇ ’ਤੇ

ਖੱਫ਼ਣ ਕਿਹੜੇ ਰੰਗ ਦਾ ਪਾਵਾਂ?

📝 ਸੋਧ ਲਈ ਭੇਜੋ