ਪੂੰਜੀਪਤੀ ਰਾਖਸ਼ਾਂ ਦੀ ਧਾੜ

ਚੂਰੀ ਕੁੱਟ ਕੇ ਮਾਵਾਂ ਨੇ ਪੜ੍ਹਨ ਤੋਰੇ,

ਕਿਸੇ 'ਹੁੱਦੇ' 'ਤੇ ਪੁੱਤਰ ਪਹੁੰਚਾਣ ਖ਼ਾਤਰ

ਕਦੀ ਜ਼ਰਾ ਨਾ ਝਿੜਕਿਆ ਬਾਪੂਆਂ ਨੇ,

ਬੁੱਢੇ ਬਾਰੇ ਡੰਗੋਰੀ ਫੜਾਉਣ ਖ਼ਾਤਰ

ਭੈਣਾਂ ਹੁੱਬ ਕੇ ਰੱਬ ਤੋਂ ਮੰਗ ਮੰਗੀ,

ਨਾਲ ਭਾਈਆਂ ਦੇ ਸੱਜਦਾ ਜੱਗ ਸੋਚਣ

ਪੜ੍ਹੇ ਵੀਰ ਤੋਂ ਸਾਊਆਂ ਦੀ ਸੱਥ ਅੰਦਰ,

ਉੱਚੀ ਹੋਵੇਗੀ ਬਾਪੂ ਦੀ ਪੱਗ ਸੋਚਣ

(ਪਰ) ਮਮਤਾ ਵਿਚ ਸੀਨਾ ਸੜਿਆ ਸਾਰਿਆਂ ਦਾ,

ਮੁੜ ਕੇ ਖ਼ੂਨ ਦੀ ਜਦੋਂ ਹਵਾੜ ਆਈ

ਅੱਜ ਫੇਰ ਅਹਿੰਸਾ ਦੇ ਨਾਂ ਹੇਠਾਂ,

ਹੋ ਕੇ ਲੈਸ ਬਰੂਦ ਦੀ ਧਾੜ ਆਈ

ਏਸ ਧਾੜ ਨੇ ਖਾਧੀਆਂ ਕਈ ਜਿੰਦਾਂ

ਹਲਕ ਏਸ ਦਾ ਜ਼ਰਾ ਵੀ ਝਿੰਮਿਆ ਨਾ

ਚੂਏਂ ਵੇਲਾਂ ਦੇ ਨਾਲੋਂ ਤਰੋੜ ਕੇ ਵੀ,

ਏਸ ਪੱਥਰ ਵਿਚੋਂ ਪਾਣੀ ਸਿੰਮਿਆ ਨਾ

ਪੂੰਜੀਪਤ 'ਤੇ ਕੋਈ ਜੇ ਹੱਥ ਚੁੱਕੇ,

ਗੂਠਾ ਆਪਣੀ ਘੰਡੀ 'ਤੇ ਸਮਝਦੀ ਇਹ

ਫ਼ੌਜ ਪੁਲਸ ਕਾਨੂੰਨ ਤੇ ਧਰਮ ਤਾਈਂ,

ਮੁੱਲ ਲਿਆ ਜੁ ਮੰਡੀ ਤੇ ਸਮਝਦੀ ਇਹ

ਅਸੀਂ ਮਾਲੀ ਅਨੋਖੀ ਪ੍ਰਕਾਰ ਦੇ ਹਾਂ,

ਨਹੀਂ ਜਾਣਦੇ ਫੁੱਲਾਂ ਦਾ ਸਵਾਦ ਕੀ

ਏਨਾ ਸਮਾਂ ਹੀ ਕਿਥੇ ਹੈ ਕੋਲ ਇਹਦੇ,

ਸੁਣੇ ਹੱਕਾਂ ਦੀ ਹੁੰਦੀ ਫ਼ਰਿਆਦ ਕੀ

ਪੂੰਜੀਪਤ ਸਟੇਟ 'ਚ ਕਾਨੂੰਨ ਜ਼ੁਲਮ,

ਪੂੰਜੀਪਤੀ ਦੇ ਨਾਲੋ ਨਾਲ ਰਹਿੰਦਾ

ਘਾਟਾ ਦਿਸਦਾ ਨੀ ਕਾਮੇ ਦੀ ਜ਼ਿੰਦਗੀ ਦਾ,

ਸਦਾ ਆਪਣੇ ਨਫ਼ੇ ਦਾ ਖ਼ਿਆਲ ਰਹਿੰਦਾ

ਵਿਚ ਦਫ਼ਤਰੀਂ ਸੋਨੇ ਦੇ ਪਟੇ ਵਾਲੇ,

ਕਈ ਕੁੱਤੇ ਵੀ ਡਾਢੇ ਹੀ ਹਲਕ ਜਾਂਦੇ

ਲਿਸ਼ਕ ਮੁੜ੍ਹਕੇ ਦੀ ਵੇਖ ਕੇ ਢਾਰਿਆਂ 'ਤੇ,

ਠੂਠੇ ਇਹਨਾਂ ਦੀ ਹਵਸ ਦੇ ਛਲਕ ਜਾਂਦੇ

ਸਿਰਫ਼ ਅੱਜ ਹੀ ਨਾ ਮੋਗੇ ਆਸਾਮ ਅੰਦਰ,

ਲਾਏ ਨੇ ਲੋਥਾਂ ਦੇ ਢੇਰ ਲੋਕੋ

ਇਹ ਜੰਗ ਹਰ ਖੇਤ ਹਰ ਕਾਰਖ਼ਾਨੇ,

ਲੜੀ ਜਾਂਦੀ ਹੈ ਆਥਣ ਸਵੇਰ ਲੋਕੋ

ਪੂੰਜੀਪਤੀ ਤੇ ਅੱਜ ਦਾ ਰਾਜ ਦੋਵੇਂ,

ਦਸਾਂ ਨੌਹਾਂ ਦੀ ਕਿਰਤ ਨੂੰ ਡੰਗਦਾ ਹੈ

ਕਾਮਾ ਤੋੜ ਕੇ ਰਾਜੇ ਦਾ ਮੁਕਟ ਜਦ ਵੀ,

ਆਪਣੀ ਕਿਰਤ ਪੰਜਾਲੀ 'ਤੇ ਟੰਗਦਾ ਹੈ

ਭਾਰਤ ਵਿਚ ਜੇ ਹੱਕਾਂ ਦੀ ਗੱਲ ਬਦਲੇ,

ਗੋਲੀ ਖਾਣ ਦਾ ਗਰਮ ਰਿਵਾਜ ਹੈ ਇਹ

ਦਾਨਸ਼ਮੰਦ ਉਸ ਬੰਦੇ ਨੂੰ ਕਿਵੇਂ ਕਹੀਏ,

ਜਿਹੜਾ ਆਖਦੈ ਕਿ ਲੋਕ ਰਾਜ ਹੈ ਇਹ

ਗੱਲ ਸਮੇਂ ਨੇ ਆਪਣੀ ਆਖ ਦਿੱਤੀ,

ਅਰਥ ਕੱਢਣੇ ਫ਼ਰਜ਼ ਜੁਆਨੀਆਂ ਦਾ

ਉਸ ਜਨਤਾ ਨੂੰ ਸਮਾਂ ਨਾਂ ਮੁਆਫ਼ ਕਰਦਾ,

ਜਿਹੜੀ ਮੁੱਲ ਨਾ ਤਾਰੇ ਕੁਰਬਾਨੀਆਂ ਦਾ

📝 ਸੋਧ ਲਈ ਭੇਜੋ