ਪੁਰ ਤਕਸੀਰ ਭਰੀ ਮੈਂ ਆਈ,
ਤੈਨੂੰ ਬਣਦੀ ਇਹ ਗੱਲ ਨਾਹੀਂ ।
ਅਸਾਂ ਉਮੈਦ ਮਿਲਣ ਦੀ ਆਹੀ,
ਕਿਆ ਦਿਲ ਮਾਰ ਸਹਿਕਾਇਆ ਹੀ ।
ਆਵਣ ਕਿਉਂ ਛੱਡਿਓ ਈ ਸਾਈਂ,
ਸਾਥੋਂ ਕੀ ਚਿਤ ਚਾਇਆ ਹੀ ?
ਕਜ ਪੜਦਾ ਮੇਰਾ ਫੋਲ ਨਾ ਫੋਲਣ,
ਤੂੰ ਸਰਪੋਸ਼ ਖ਼ਾਕ ਦਾ ਓਲਣ;
ਮੈਂ ਤੋਲੀ ਦਾ ਫਿਰ ਕੀ ਤੋਲਣ ?
ਨਾਉਂ ਸਚਿਆਰ ਸਦਾਇਆ ਹੀ ।
ਤੈਂ ਜਿਹਾ ਕੋਈ ਹੋਰ ਨਾ ਮੈਨੂੰ,
ਮੈਂ ਜੇਹੀਆਂ ਲੱਖ ਸਾਹਿਬ ਤੈਨੂੰ;
ਹੋਰ ਵਕੀਲ ਘੱਤਾਂ ਵਿਚ ਕੈਨੂੰ ?
ਤੂੰ ਜੋ ਰੋਸਾ ਪਾਇਆ ਹੀ ।
ਤੂੰ ਸਾਹਿਬ ਮੈਂ ਤੈਂਢੀ ਆਹੀ,
ਜੇ ਕੋ ਪੁੱਛੇ ਤਾਂ ਦਿਆਂ ਉਗਾਹੀ;
ਹੁਣ ਕੀ ਕਰਨਾ ਬੇਪਰਵਾਹੀ,
ਮੈਂ ਤੇਰੇ ਨਾਉਂ ਧਰਾਇਆ ਹੀ ।