ਪੁਰਾਣੀ ਅੱਖ ਮੇਰੇ ਮੱਥੇ 'ਚੋਂ ਕੱਢ ਕੇ

ਸੁੱਟ ਦਿਉ ਕਿਧਰੇ

ਇਹ ਅੰਨ੍ਹੀ ਹੋ ਚੁੱਕੀ ਹੈ

ਮੈਨੂੰ ਇਸ ਅੱਖ ਸੰਗ

ਹੁਣ ਆਪਣਾ ਆਪਾ ਵੀ ਨਹੀਂ ਦਿਸਦਾ

ਤੁਹਾਨੂੰ ਕਿੰਝ ਵੇਖਾਂਗਾ

ਬਦਲਦੇ ਮੌਸਮਾਂ ਦੀ ਅੱਗ ਸਾਵੀ

ਕਿੰਝ ਸੇਕਾਂਗਾ ?

ਇਹ ਅੱਖ ਕੈਸੀ ਹੈ ਜਿਸ ਵਿਚ

ਪੁੱਠੇ ਚਮਗਿੱਦੜਾਂ ਦਾ ਵਾਸਾ ਹੈ

ਤੇ ਪੁਸ਼ਤੋ-ਪੁਸ਼ਤ ਤੋਂ ਜੰਮੀ ਹੋਈ

ਬੁੱਢੀ ਨਿਰਾਸ਼ਾ ਹੈ

ਨਾ ਇਸ ਵਿਚ ਦਰਦ ਹੈ ਰਾਈ

ਤੇ ਨਾ ਚਾਨਣ ਹੀ ਮਾਸਾ ਹੈ

ਇਹ ਅੱਖ ਮੇਰੇ ਆਦਿ ਪਿੱਤਰਾਂ ਨੂੰ

ਸਮੁੰਦਰ 'ਚੋਂ ਜਦੋ ਲੱਭੀ

ਉਹਨਾਂ ਸੂਰਾਂ ਦੇ ਵਾੜੇ ਵਿਚ

ਤ੍ਰੱਕੀ ਬੋਅ 'ਚ ਦੱਬੀ

ਤੇ ਮੇਰੇ ਜਨਮ ਛਿਣ ਵੇਲੇ

ਮੇਰੇ ਮੱਥੇ 'ਚ ਗੱਡੀ

ਤੇ ਫਿਰ ਸੂਰਾਂ ਦੇ ਵਾੜੇ ਵਿਚ

ਕਈ ਦਿਨ ਢੋਲਕੀ ਵੱਜੀ

ਤੇ ਫਿਰ ਸੂਰਾਂ ਦੇ ਵਾੜੇ ਵਿਚ

ਮੈਂ ਇਕ ਦਿਨ ਕਹਿੰਦਿਆਂ ਸੁਣਿਆ-

"ਇਹ ਅੱਖ ਲੈ ਕੇ ਕਦੇ ਵੀ ਇਸ ਘਰ ਚੋਂ

ਬਾਹਰ ਜਾਈਂ ਨਾ

ਜੇ ਬਾਹਰ ਜਾਏਂ ਤਾਂ ਪੁੱਤਰਾ

ਕਦੇ ਇਹਨੂੰ ਗਵਾਈਂ ਨਾ

ਇਹ ਅੱਖ ਜੱਦੀ ਅਮਾਨਤ

ਇਹ ਗੱਲ ਬਿਲਕੁਲ ਭੁਲਾਈਂ ਨਾ

ਤੇ ਕੁਲ ਨੂੰ ਦਾਗ਼ ਲਾਈਂ ਨਾ ।"

"ਇਸ ਅੱਖ ਸੰਗ ਖੂਹ 'ਚ ਤਾਰੇ ਵੇਖ ਲਈਂ

ਸੂਰਜ ਪਰ ਨਾ ਵੇਖੀਂ

ਇਸ ਅੱਖ ਦੇ ਗਾਹਕ ਲੱਖਾਂ ਮਿਲਣਗੇ

ਪਰ ਅੱਖ ਨਾ ਵੇਚੀਂ

ਬਦਲਦੇ ਮੌਸਮਾਂ ਦੀ ਅੱਗ ਸਾਵੀ

ਕਦੇ ਨਾ ਸੇਕੀਂ ।"

ਇਹ ਅੱਖ ਲੈ ਕੇ ਜਦੋਂ ਵੀ ਮੈ ਕਿਤੇ

ਪਰਦੇਸ ਨੂੰ ਜਾਂਦਾ

ਮੇਰੇ ਕੰਨਾਂ 'ਚੋਂ ਪਿੱਤਰਾਂ ਦਾ

ਕਿਹਾ ਹਰ ਬੋਲ ਕੁਰਲਾਂਦਾ

'ਤੇ ਮੈਂ ਮੱਥੇ 'ਚੋਂ ਅੱਖ ਕੱਢ ਕੇ

ਸਦਾ ਬੋਝੇ 'ਚ ਪਾ ਲੈਂਦਾ

ਮੈ ਕੋਈ ਸੂਰਜ ਤਾਂ ਕੀ

ਸੂਰਜ ਦੀਆ ਕਿਰਨਾਂ ਵੀ ਨਾ ਤੱਕਦਾ

ਹਮੇਸ਼ਾ ਖੂਹ 'ਚ ਰਹਿੰਦੇ ਤਾਰਿਆਂ ਦੇ

ਨਾਲ ਹੀ ਹੱਸਦਾ

ਤੇ ਬਲ ਕੇ ਬੁਝ ਗਈ ਅੱਖ ਸੰਗ

ਕਈ ਰਾਹੀਆਂ ਨੂੰ ਰਾਹ ਦੱਸਦਾ

ਪਰ ਅੱਜ ਇਸ ਅੱਖ ਨੂੰ

ਮੱਥੇ 'ਚ ਲਾ ਜਦ ਆਪ ਨੂੰ ਲੱਭਿਆ

ਮੈਨੂੰ ਮੇਰਾ ਆਪ ਨਾ ਲੱਭਿਆ

ਮੈਨੂੰ ਮੇਰੀ ਅੱਖ ਪੁਰਾਣੀ ਹੋਣ ਦਾ

ਧੱਕਾ ਜਿਹਾ ਲੱਗਿਆ

ਤੇ ਹਰ ਇੱਕ ਮੋੜ 'ਤੇ ਮੇਰੇ ਪੈਰ ਨੂੰ

ਠੇਡਾ ਜਿਹਾ ਵੱਜਿਆ

ਮੇਰੇ ਮਿੱਤਰੋ ! ਇਸ ਦੋਸ਼ ਨੂੰ

ਮੇਰੇ 'ਤੇ ਹੀ ਛੱਡੋ

ਤੁਸੀਂ ਹੋਛੇ ਬਣੋਗੇ

ਜੇ ਮੇਰੇ ਪਿੱਤਰਾਂ ਦੇ ਮੂੰਹ ਲੱਗੇ

ਤੁਸੀਂ ਕੁੱਤਿਆਂ ਦੀ ਪਿੱਠ 'ਤੇ ਬੈਠ ਕੇ

ਜਲੂਸ ਨਾ ਕੱਢੋ

ਤੇ ਲੋਕਾਂ ਸਾਹਮਣੇ ਮੈਨੂੰ

ਤੁਸੀਂ ਅੰਨ੍ਹਾ ਤਾਂ ਨਾ ਸੱਦੋ

ਸਗੋਂ ਮੈਨੂੰ ਤੁਸੀਂ ਸੂਰਾਂ ਦੇ ਵਾੜੇ

ਤੀਕ ਤਾਂ ਛੱਡੋ

ਮੈ ਸ਼ਾਇਦ ਗੁੰਮ ਗਿਆ ਹਾਂ ਦੋਸਤੋ

ਮੇਰਾ ਘਰ ਕਿਤੋਂ ਲੱਭੋ

ਮੈ ਇਹ ਅੱਖ ਅੱਜ ਹੀ

ਸੂਰਾਂ ਨੂੰ ਜਾ ਕੇ ਮੋੜ ਆਵਾਂਗਾ

ਤੇ ਆਪਣੇ ਸੀਸ ਵਿਚ

ਬਲਦੀ, ਸੁਲਗਦੀ ਅੱਖ ਉਗਾਵਾਂਗਾ

ਜੋ ਰਾਹ ਸੂਰਜ ਨੂੰ ਜਾਂਦਾ ਹੈ

ਤੁਹਾਡੇ ਨਾਲ ਜਾਵਾਂਗਾ

ਬਦਲਦੇ ਮੌਸਮਾਂ ਦੀ ਅੱਗ

ਤੁਹਾਡੇ ਨਾਲ ਸੇਕਾਂਗਾ

ਬਦਲਦੇ ਮੌਸਮਾਂ ਦੀ ਅੱਗ

ਤੁਹਾਡੇ ਨਾਲ ਖਾਵਾਂਗਾ

📝 ਸੋਧ ਲਈ ਭੇਜੋ