ਪੁਰਖਿਆਂ ਦੀ ਦੀਨਤਾ

ਪੁਰਖਿਆਂ ਦੀ ਦੀਨਤਾ ਉਸ ਤੋਂ ਲੁਕਾਈ ਨਾ ਗਈ।

ਮਰਤਬਾ ਹੁੰਦੇ ਹੋਏ ਵੀ ਜੱਗ-ਹਸਾਈ ਨਾ ਗਈ।

ਆਲ੍ਹਣਾ ਸੜ ਕੇ ਸੁਆਹ ਹੁੰਦਾ ਰਿਹਾ, ਪਰ ਭੀੜ ਤੋਂ,

ਜ਼ਿੰਦਗਾਨੀ ਚਾਰ ਬੋਟਾਂ ਦੀ ਬਚਾਈ ਨਾ ਗਈ।

ਹੋਰ ਦੁਨੀਆਂ ਭਰ ਦੀਆਂ ਰਸਮਾਂ ਨਿਭਾਈਆਂ ਓਸ ਨੇ,

ਪਿਆਰ ਦੀ ਇੱਕ ਰੀਤ ਪਰ ਉਸ ਤੋਂ ਨਿਭਾਈ ਨਾ ਗਈ।

ਨਿੱਤ ਜਿਸ ਨੂੰ ਵੇਖਦਾ ਖੇਤਾਂ ’ਚ ਕੰਮ ਕਰਦੇ ਹੋਏ,

ਉਸ ਤੋਂ ਘਰ ਵਿੱਚ ਜੋਤ ਖ਼ੁਸ਼ੀਆਂ ਦੀ ਜਗਾਈ ਨਾ ਗਈ।

ਝੁੱਗੀਆਂ ਨੂੰ ਤੋੜਨੇ ਦੀ ਕਰ ਰਿਹਾ ਜੋ ਨੌਕਰੀ,

ਉਸ ਤੋਂ ਟੱਬਰ ਵਾਸਤੇ ਇੱਕ ਛੱਤ ਪਾਈ ਨਾ ਗਈ।

ਜਾਗੀਆਂ ਗ਼ਰਜ਼ਾਂ ਤਾਂ ਕਾਤਲ ਨੂੰ ਮਸੀਹਾ ਕਹਿ ਗਿਆਂ,

ਸ਼ਾਇਰੀ ਦੀ ਆਤਮਾ ਮੈਥੋਂ ਬਚਾਈ ਨਾ ਗਈ।

ਜਾਣਦਾ ਸੀ ਇਹ ਹਕੀਕਤ, ਜਿਸਮ ਹਨ ਸਭ ਨਾਸ਼ਵਾਨ,

ਫਿਰ ਵੀ ਉਸ ਤੋਂ ਜਿਸਮ ਦੀ ਦੇਖੀ ਵਿਦਾਈ ਨਾ ਗਈ।

📝 ਸੋਧ ਲਈ ਭੇਜੋ