ਪੁੱਤ ਮੈਂ ਕਦ ਕਿਹਾ ਹੈ

ਪੁੱਤ ਮੈਂ ਕਦ ਕਿਹਾ ਹੈ

ਕਿ ਤੂੰ ਦੀਵੇ ਨਾ ਬਾਲ

ਰਾਮ ਦੇ ਅਯੋਧਿਆ ਪਰਤਣ ਤੇ

ਜਸ਼ਨ ਨਾ ਮਨਾ

ਨਰਕਾਸੁਰ ਦਾ ਅੰਤ ਨਾ ਕਰ

ਸਮੂਹਿਕ ਵਿਅਕਤੀਗਤ ਖੁਸ਼ੀ, ਭਾਈ-ਚਾਰੇ

ਅਤੇ ਪ੍ਰੇਮ ਦਾ ਸੰਦੇਸ਼ ਨਾ ਫੈਲਾਏ ਦੀਪਕ

ਅੰਧਕਾਰ 'ਤੇ ਪ੍ਰਕਾਸ਼ ਦੀ ਫਤਹਿ ਨਾ ਹੋਵੇ

ਧਾਰਮਿਕ, ਸਭਿਆਚਾਰਕ

ਅਤੇ ਸਮਾਜਕ ਵਿਸ਼ਿਸ਼ਟਤਾ ਅਗਾਂਹ ਨਾ ਪੱਬ ਧਰੇ

ਘਰਾਂ ਨੂੰ ਸਾਫ ਕਰੇ ਨਵੇਂ ਕੱਪੜੇ ਨਾ ਪਹਿਨੇ

ਜੈਪੁਰ ਧਨਤੇਰਸ ਵਾਂਗ

ਮਠਿਆਈਆਂ ਦੇ ਉਪਹਾਰ ਇੱਕ ਦੂਜੇ ਨੂੰ ਨਾ ਵੰਡੇ

ਕੌਣ ਨਹੀਂ ਚਾਹੁੰਦਾ

ਰੋਸ਼ਨੀ ਵੰਡੋ ਬਜ਼ਾਰ ਸਜਾਓ

ਰੌਣਕ ਵਧੇ-ਦਰ ਘਰ ਆਉਣ ਖੁਸ਼ੀਆਂ

ਹਿੰਦੂਆਂ ਸਿੱਖਾਂ ਮੁਸਲਮਾਨਾਂ 'ਚ ਸਾਝਾਂ ਵਧਾ

ਹਰਿਮੰਦਰ ਦੀ ਅਲੌਕਿਕ ਆਭਾ ਨਿਹਾਰ

ਮਹਾਰਾਜ ਹਜੂਰੀ ਕੀਰਤਨ ਹੋਵੇ

ਸਰੋਵਰ ਇਸ਼ਨਾਨ ਕਰਾਵੇ-

ਝੋਲੀਆਂ ਭਰਨ ਸੁੱਖ ਸੰਤੋਖ ਮਹਿਕੇ

ਮੈਂ ਨਿੱਤ ਚਾਹੁੰਦੀ ਹਾਂ-

ਦੇਸ਼ ਵਿਦੇਸ਼ ਖੁਸ਼ੀਆਂ ਪ੍ਰਾਪਤ ਕਰਨ

ਪੁੱਤ ਕਮਾਉਣ ਤੇ ਪ੍ਰੀਵਾਰ ਰਹਿਣ ਹੱਸਦੇ

ਰਾਜਿਆਂ ਨੂੰ ਹੀ ਨਹੀਂ ਬੇਗੁਨਾਹਾਂ ਨੂੰ ਵੀ ਛੁਡਾਵੋ

ਹਰਿਮੰਦਰ ਸਜਾਵੋ

ਦੇਸੀ ਘਿਓ ਦੇ ਦੀਵੇ ਜਗਾਵੋ -

ਰੱਤ ਦੇ ਨਾ ਜਗਣ ਦੀਵੇ-

ਮਨੀ ਸਿੰਘ ਕਿਉਂ ਜਕਰੀਆ ਖਾਨ ਦੇ ਕਹੇ

'ਕੱਲਾ ਬੇਚਾਰਾ ਬੰਦ ਬੰਦ ਕਟਵਾਏ

ਸਿੰਘ ਸਿੰਘਣੀਆਂ ਸੀਸ ਕਿਉਂ ਦੇਣ

ਖੋਪਰੀਆਂ ਕਿਉਂ ਲੁਹਾਉਣ

ਤੇਰੇ ਆਤਿਸ਼ਬਾਜੀ ਅਨਾਰ,

ਫੁੱਲਝੜੀਆਂ, ਪਟਾਕੇ ਤਾਂ ਚੱਲਣ

ਪਰ ਕੋਈ ਮੇਰੇ ਘਰ ਵਰਗੀ

ਦੁੱਖਦਾਈ ਘਟਨਾ ਨਾ ਕਿਸੇ ਘਰ ਦਰ ਵੜ੍ਹੇ

ਨਸ਼ੇ ਦੀ ਹਵਾ ਨਾ ਲੈ ਜਾਵੇ -

ਮੇਰੇ ਗੇਲੀਆਂ ਵਰਗੇ ਪੁੱਤਾਂ ਨੂੰ

ਦਰਾਂ ਤੇ ਨਾ ਉਡੀਕਦੀਆਂ

ਰਹਿ ਜਾਣ ਵੀਰਾਂ ਨੂੰ ਭੈਣਾਂ

ਪੁੱਤ ਅੱਜ ਦੀਵਾਲੀ ਵਾਲੇ ਦਿਨ

ਹਜ਼ਾਰਾਂ ਰੁਪਏ ਰਾਖ ਕਰਨ ਨਾਲੋਂ

ਭੁੱਖੇ ਪੇਟਾਂ ਨੂੰ ਅੰਨ ਕੱਪੜੇ ਵੰਡ ਕੇ ਆਓ -

ਤਨ ਢਕੋ ਨੰਗੀਆਂ ਫਿਰਦੀਆਂ ਕੰਬਦੀਆਂ ਰਾਤਾਂ ਦੇ

ਪੇਟ ਲਈ ਬਖ਼ਸ਼ੋ ਟੁੱਕ

ਮੁੱਦਤਾਂ ਤੋਂ ਭੁੱਖੀਆਂ ਪਿਆਸੀਆਂ ਸ਼ਾਮਾਂ ਦੇ-

ਦੀਵਾਰਾਂ ਸਜਾਇਓ ਉੱਜੜੇ ਮਾਵਾਂ ਦੇ ਘਰਾਂ ਦੀਆਂ

ਇੱਕ 2 ਦੀਵਾ ਜਾ ਟਿਕਾਇਓ ਉਹਨਾਂ ਦੇ ਦਰਾਂ ਤੇ

ਅਗਲੀ ਸਵੇਰ ਦਾ ਸੂਰਜ ਤੁਹਾਨੂੰ ਯਾਦ ਕਰੇਗਾ-

ਮੇਰੇ ਵਰਗੀਆਂ ਨਿਕਰਮਣਾਂ

ਦੇ ਸਰਾ੍ਹਣੇ ਜੇ ਕਿਤੇ ਦੀਵਾ ਬਾਲ ਦਿਓਗੇ

ਤਾਂ ਸੰਸਾਰ 'ਚ ਚਾਨਣ ਹੋ ਜਾਵੇਗਾ -

ਸੁੰਨ੍ਹੇ ਘਰੀਂ ਮਾਂਵਾਂ ਵੀ

ਹੋਰ ਚਾਰ ਸਾਹ ਲੈ ਲੈਣਗੀਆਂ

ਚਿੜ੍ਹੀਆਂ ਦੇ ਆਲ੍ਹਣਿਆਂ ਵੀ

ਚੀਂ 2 ਕਰਨਗੇ ਨਵਜਨਮੇਂ ਬੋਟ

ਦਰਾਂ ਤੇ ਰੌਣਕਾਂ ਕਿਰਨਗੀਆਂ

ਗਲੀਆਂ ਤਾਰੇ ਉੱਤਰ

ਆਉਣਗੇ ਰੌਸ਼ਨੀ ਕਰਨ-

ਇੰਜ਼ ਕਰੀਂ ਪੁੱਤ

ਅੱਜ ਦੀਵਿਆਂ ਚੋਂ ਨਫ਼ਰਤ ਮਾਂਜ

ਪਿਆਰ ਦੀਆਂ ਬੱਤੀਆਂ ਪਾਵੀਂ

ਜੇ ਸਾਝਾਂ ਦਾ ਤੇਲ ਮਿਲ ਜਾਵੇ

ਤਾਂ ਦੁਨੀਆਂ ਦੇ ਜ਼ਿਹਨ 'ਚੋਂ ਜੰਗਾਂ ਮਰ ਜਾਣਗੀਆਂ-

ਜ਼ਹਾਨ ਨਿਸਚਿੰਤ ਹੋ ਰਾਤ ਭਰ ਸੌਂ ਸਕੇਗਾ-

 

ਜਾਹ ਪੁੱਤ ਇਹੋ ਜੇਹੇ ਦੀਵੇ ਲਿਆ ਕਿਤਿਓਂ

ਜੇ ਹਨ੍ਹੇਰਾ ਪੂੰਝਣਾਂ ਹੈ ਤਾਂ

ਜੇ ਸਵੇਰਾ ਲੱਭਣਾਂ ਹੈ ਕਿਤਿਓਂ-

ਫਿਰ ਮੇਰੇ ਕਾਲਜੇ ਠੰਢ ਪਵੇਗੀ-

ਫਿਰ ਦੁਨੀਆਂ ਤੇ ਧਰਤ ਜਗੇਗੀ-

📝 ਸੋਧ ਲਈ ਭੇਜੋ