ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ।

ਗੋਦੀ ਵਿੱਚ ਖੇਡਦਾ ਜੇ ਲਾਲ ਹੋਵੇ ਨਾਂ।

ਉਸ ਮਾਂ ਦੀ ਮਮਤਾ ਦਿਆਲ ਹੋਵੇ ਨਾਂ।

ਰੁੱਖਾਂ ਬਾਜੋ ਕਿਹੜਾ ਕਰੇ ਛਾਂਵਾਂ ਜੱਗ ਤੇ।

ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ।

ਵਿਰਲਾ ਕੋਈ ਜਾਣੇ ਪੁੱਤਾਂ ਦੀਆਂ ਭੁੱਖਾਂ ਨੂੰ।

ਪੁੱਤਾਂ ਬਾਜੋਂ ਤਾਹਨੇ ਵੱਜਦੇ ਨੇ ਕੁੱਖਾਂ ਨੂੰ।

ਇਹਨਾਂ ਨਾਲ ਹੁੰਦਾ ਉੱਚਾ ਨਾਂਵਾਂ ਜੱਗ ਤੇ।

ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ।

ਪੁੱਤਾਂ ਦਾ ਵਿਯੋਗ ਆਂਦਰਾਂ ਨੂੰ ਖਾ ਜਾਵੇ।

ਸੁੰਦਰ ਸਰੀਰ ਤਾਂਈ ਰੋਗ ਲਾ ਜਾਵੇ।

ਵਗ਼ਣ ਨਾਂ’ ਤੱਤੀਆਂ ਹਵਾਂਵਾਂ ਜੱਗ ਤੇ।

ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ।

ਮਹਿਲ ਤੇ ਮੁਨਾਰੇ ਜੋ ਪਾਕਿ ਲੱਗਦੇ।

ਪੁੱਤਾਂ ਬਿਨ ਸੱਚੀ ਸਾਰੇ ਖਾਕਿ ਲੱਗਦੇ।

ਖੈਰ ਸਦਾ ਪੁੱਤਾਂ ਦੀ ਮਨਾਂਵਾਂ ਜੱਗ ਤੇ।

ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ।

ਜਿੰਨ੍ਹਾ ਚਿਰ ਬਾਲ ਦੇ ਦੀਦਾਰ ਕਰੇ ਨਾ।

ਓਨਾਂ ਚਿਰ ਮਾਂ ਦਾ ਹਿਰਦਾ ਵੀ ਠਰ੍ਹੇ ਨਾ।

ਸਦਾ ਸੁੱਖੀ ਵੱਸੇ ਇਹੀ ਚਾਂਵਾਂ ਜੱਗ ਤੇ।

ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ।

ਪੂੰਝ-ਪੂੰਝ ਅੱਖਾਂ ਖਸ ਜਾਣ ਕੰਨੀਆਂ।

ਹੋ ਜਾਣ ਪੁੱਤਾਂ ਬਿਨ੍ਹਾਂ ਮਾਂਵਾਂ ਅੰਨ੍ਹੀਆਂ।

ਸੋਹਣੇ ਲਾਲਾਂ ਨਾਲ ਸਰਨਾਂਵਾਂ ਜੱਗ ਤੇ।

ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ।

ਰੱਖੀ ਹਰ ਘਰ ਦਾ ਚਰਾਗ਼ ਜਗਦਾ।

ਪੁੱਤਾਂ ਬਿਨਾਂ ਵੇਹੜਾ ਸੁੰਨ੍ਹਾਂ ਸੁੰਨ੍ਹਾ ਲੱਗਦਾ।

ਦੂਰ ਰਹਿਣ ਏਨਾਂ ਤੋਂ ਬਲਾਂਵਾਂ ਜੱਗ ਤੇ।

ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ।

ਏਨਾਂ ਦੇ ਲਈ ਮਾਂ ਬਣ ਜਾਵੇ ਮੰਗਤੀ।

ਸੱਚ ਲਿਖੀ ਸੱਤੇ ਕੱਲੀ-ਕੱਲੀ ਪੰਗਤੀ।

ਟਾਹਰਾਂ ਲਾ ਕੇ ਕੋਰੜਾ ਮੈਂ ਗਾਵਾਂ ਜੱਗ ਤੇ।

ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ।

📝 ਸੋਧ ਲਈ ਭੇਜੋ