ਸਧਰਾਂ ਵਾਲੀਏ !
ਤੂੰ ਨਾ ਟਲੀਓਂ,
ਪੂਰਾ ਕਰ ਲੀਤਾ ਅਰਮਾਨ ।
ਤੇ ਹੁਣ ਆਖੇਂ ਵੱਸ ਕੀ ਸਾਡਾ
ਘੱਲ ਦਿੱਤਾ ਭਗਵਾਨ।
ਮੈਨੂੰ ਤਹਿਕਾ,
ਇਸ ਦੇ ਚੰਨ-ਮੱਥੇ ਉੱਤੇ ਕੁਝ
ਲਿਖ ਨਾ ਗਿਆ ਹੋਵੇ ਸ਼ੈਤਾਨ।
ਸਾਰੇ ਪਿੰਡ ਵਿਚ ਗੱਲਾਂ ਛਿੜੀਆਂ
ਅੱਜ ਸਵੇਰੇ ਕੁੰਤੀ ਦੇ ਘਰ ਕਾਕਾ ਹੋਇਆ।
ਤੇ ਅਖ਼ਬਾਰਾਂ ਖ਼ਬਰ ਹੈ ਛਾਪੀ,
ਕੇਪ ਕੈਨਵਰਲ ਕਲ੍ਹ ਫਿਰ ਇਕ ਧਮਾਕਾ ਹੋਇਆ।
ਤੂੰ ਖ਼ੁਸ਼ ਹੋਵੇਂ
ਇਸ ਦੇ ਕੋਮਲ ਮੁਖੜੇ ਉੱਤੇ ਵੇਖ-ਵੇਖ ਮੁਸਕਾਣ।
ਪਰ ਹੈ ਪਿਆਰੀ
ਆਈ. ਸੀ. ਬੀ. ਐੱਮ. ਦੀ ਸ਼ਕਤੀ ਤੋਂ
ਇਹ ਹਾਲੀ ਅਨਜਾਣ।
ਚੌਥੇ ਪੱਖ ਵਿਚ ਵਾਧਾ ਸਾਡਾ
ਦੋ ਜਿੰਦਾਂ ਦੀ ਸਾਹ ਲੈਂਦੀ ਪਹਿਚਾਣ।
ਤੂੰ ਕਹਿੰਦੀ ਏਂ
ਇਹ ਹੈ ਸਾਡੀ ਪ੍ਰੀਤ ਦਾ ਮਾਣ
ਮੈਂ ਚਾਹੁੰਦਾ ਹਾਂ
ਹੋਵੇ ਇਸ ਧਰਤੀ ਦੀ ਸ਼ਾਨ
ਮੈਨੂੰ ਜਾਪੇ, ਇਹ ਕਹਿੰਦਾ ਏ
ਮੈਂ ਨਹੀਂ ਕਿਸੇ ਦਾ ਕੁਝ ਵੀ ਲੱਗਦਾ
ਮੇਰੇ ਨਾਲ ਨਾ ਕਦੀ ਲਵੇ ਕੋਈ ਆਢਾ
ਮੈਂ ਹਾਂ ਆਪਣਾ
ਆਪ ਨਫ਼ਾ ਨੁਕਸਾਨ।
ਤੈਨੂੰ ਆਸ਼ਾ।
ਆਉਂਦੇ ਲੋਕ ਰਾਜ ਦੇ ਯੁਗ ਵਿਚ
ਇਸ ਨੂੰ ਖ਼ੂਬ ਹੋਏਗੀ ਆਪਣੇ ਫ਼ਰਜ਼ਾਂ ਦੀ ਪਹਿਚਾਣ।
ਮੈਨੂੰ ਸੰਸਾ
ਅੱਜ ਦੇ ਕੁਰੂਕਸ਼ੇਤਰ ਯੁੱਧ ਵਿਚ
ਜੇ ਕਰ ਇਸ ਨੇ ਕੁਝ ਸੋਚ ਕੇ ਰੱਖ ਦਿੱਤੇ ਹਥਿਆਰ
ਇਸ ਨੂੰ ਕਿਸੇ ਕ੍ਰਿਸ਼ਨ ਮੁਰਾਰੀ ਨਹੀਂ ਆਉਣਾ ਸਮਝਾਣ।
ਤੂੰ ਇਸ ਦੀ ਸੌ ਸੁੱਖ ਮਨਾਵੇਂ
ਇਸ ਦੀ ਉਮਰ ਖਵਾਜਿਉਂ ਲੰਮੀ
ਇਸ ਦਾ ਰੁਤਬਾ ਅਰਸ਼ ਸਮਾਨ,
ਮੈਨੂੰ ਫ਼ਿਕਰ ਹੈ ਇਸ ਦੁਨੀਆ ਵਿਚ
ਕਿੰਜ ਵਿਚਾਰਾ ਸਾਂਭੇਗਾ ਈਮਾਨ।
ਜਣੇ ਖਣੇ ਦੇ ਝਲਣੇ ਪੈਣੇ
ਇਸ ਨੂੰ ਸੌ ਅਹਿਸਾਨ।
ਜਣ ਕੇ ਇਸ ਨੂੰ
ਇਹ ਤੇਰੀ ਗੋਦੀ ਵਿਚ ਖੇਡੇ
ਜੋ ਨਿੱਕਾ ਜਿਹਾ ਬੋਟ
(ਮੈਂ ਨਹੀਂ ਕਹਿੰਦਾ ਇਹ ਵਿਚ ਕੋਈ ਖੋਟ)
ਤੂੰ ਕੀਤਾ ਸਰਕਾਰ ਤੋਂ ਆਕੀ ਹੋਵਣ ਦਾ ਐਲਾਨ,
ਨਾ ਹੀ ਟਲੀਓਂ ! ਮਾਂ ਅਖਵਾ ਕੇ
ਪੂਰਾ ਕਰ ਲੀਤਾ ਅਰਮਾਨ
ਰੋਜ਼ ਦਿਹਾੜੇ ਦੇਸ਼ ਦੇ ਦਫ਼ਤਰ ਦੇਣ ਦੁਹਾਈ
ਨਹੀਂ ਖਾਲੀ ਅਸਥਾਨ !
ਇਸ ਨੂੰ ਕਹੇ ਸਧੋਦਨ-ਪੁੱਤਰ
ਆ ਹੀ ਗਿਓਂ ਤਾਂ ਇਸ ਦੁਨੀਆ ਵਿਚ
ਢੂੰਡ ਵੇਖ ਨਿਰਵਾਣ।
ਢਿੱਡ ਦੀ ਆਂਦਰ ਉੱਤਰ ਦੇਵੇ
ਇਹ ਨਹੀਂ ਬੰਦਾ ਪਵਣ-ਅਹਾਰੀ
ਜਣੇ ਖਣੇ ਦੇ ਚੁੱਕਣੇ ਪੈਣੇ ਇਸ ਨੂੰ ਸੌ ਅਹਿਸਾਨ
ਇਸ ਤੋਂ ਹੋ ਨਹੀਂ ਹੋਣਾ ਆਪਣਾ
ਆਪ ਨਫ਼ਾ ਨੁਕਸਾਨ।
ਕਦੀ ਕਦਾਈਂ ਕਿਹੜੇ ਵਹਿਣੀ ਵਹਿ ਜਾਂਦੇ ਹੋ।
ਉੱਠੋ ਬਾਹਰ ਵਧਾਈਆਂ ਆਈਆਂ
ਲੋਕੀਂ ਆਏ ਜਸ਼ਨ ਮਨਾਣ।