ਪਿਆਰ ਦੇ ਅੱਖਰ ਕਿੱਡੇ ਸੋਹਣੇ, ਔਖਾ ਕਿੱਡਾ ਕਾਰੋਬਾਰ

ਪਿਆਰ ਦੇ ਅੱਖਰ ਕਿੱਡੇ ਸੋਹਣੇ, ਔਖਾ ਕਿੱਡਾ ਕਾਰੋਬਾਰ

ਧੁੱਪਾਂ, ਪਾਲੇ ਜਰਦੇ ਰਹਿਣਾ, ਚੁੱਕੀ ਫਿਰਨਾ ਦੁੱਖ ਦਾ ਭਾਰ

ਮਨ ਦਾ ਬੇਲਾ ਸੁੰਝਾ-ਸੁੰਝਾ, ਵੰਝਲੀ ਦੀ ਕੋਈ ਹੂਕ ਨਾ ਉਠਦੀ,

ਕਿਰਚੀ-ਕਿਰਚੀ ਹੋਈਆਂ ਵੰਗਾਂ, ਢੀਂਗਰ ਹੋ ਗਈ ਸੋਹਣੀ ਨਾਰ

ਮੋਮ ਦਾ ਜਿਸ ਨੂੰ ਬਾਵਾ ਜਾਤਾ, ਪੱਥਰ ਦਾ ਉਹ ਹੈ ਸੀ ਬੁੱਤ,

ਸੱਧਰਾਂ ਭਾਂਬੜ ਕਰੇ ਹਵਾਲੇ, ਜਾ ਲੁਕਿਆ ਵਿਚ ਜੰਗਲ ਬਾਰ

ਬੰਦੇ ਤੇ ਜਦ ਭੀੜ ਪਵੇ ਸਭ, ਸੰਗੀ ਸਾਥੀ ਛਡ ਜਾਂਦੇ ਨੇ,

ਔਖਾ ਵੇਲਾ ਲੰਘ ਜਾਵੇ ਤੇ ਸਾਰੀ ਦੁਨੀਆਂ ਉਹਦੀ ਯਾਰ

ਨਿੰਮਾ-ਨਿੰਮਾ ਹਾਸਾ ਹਸ ਕੇ ਨੀਵੀਂ ਪਾ ਕੇ ਲੰਘ ਜਾਂਦੇ ਓ,

ਦਿਲ ਨਿਮਾਣਾ ਕੰਬ ਜਾਂਦਾ ਏ, ਕੀ ਹੋਵੇਗਾ ਆਖ਼ਰਕਾਰ

ਡੂੰਘੇ ਪੈਂਡੇ, ਰਾਤ ਹਨੇਰੀ, ਜਿਸ ਦੀ ਸ਼ਹਿ ਤੇ ਠਿੱਲੇ ਸੱਜਣਾ,

ਘੁੰਮਣ-ਘੇਰੀ ਦੇ ਵਿਚ ਫਾਹ ਕੇ, ਜਾ ਲੱਗਾ ਉਹ ਦੂਜੇ ਪਾਰ

📝 ਸੋਧ ਲਈ ਭੇਜੋ