ਪਿਆਰ ਦੇ ਮੁੱਲੋਂ ਵੀ ਨਹੀਂ ਦਿੰਦੇ, ਸੁਖ ਧਰਤੀ ਦੇ ਲੋਕ ।
ਐਪਰ ਇਹ ਬੇਕਿਰਕ ਵੰਜਾਰੇ, ਦੁੱਖੜੇ ਦਿੰਦੇ ਥੋਕ ।
ਦਿਲ ਦੇ ਬਾਰੀਆਂ ਬੂਹੇ ਮੈਂ ਤਾਂ, ਘੁੱਟ-ਘੁੱਟ ਕੀਤੇ ਬੰਦ,
ਬੰਨ੍ਹ ਮਾਰੇ ਪਰ ਅੱਖੀਆਂ ਵਾਲਾ, ਹੜ੍ਹ ਨਾ ਸਕਿਆ ਰੋਕ ।
ਪਵੇ ਤਰਾਟ ਕਲੇਜੇ ਦੇ ਵਿਚ, ਨੈਣਾਂ ਉੱਸਲ-ਵੱਟੇ,
ਯਾਦਾਂ ਇਉਂ ਪਈਆਂ ਫੱਟ ਲਾਵਣ, ਜਿਉਂ ਬਰਛੀ ਦੀ ਨੋਕ ।
ਕਿਧਰੇ ਕੁਈ ਨਾ ਸੱਜਣ ਦਿਸਦਾ, ਜਿਹੜਾ ਵੰਡੇ ਪੀੜ,
ਝੱਲਿਆਂ ਵਾਂਗਰ ਗਲੀਆਂ ਦੇ ਵਿਚ, ਦਿੰਦਾ ਫਿਰਨਾਂ ਹੋਕ ।
ਤਾਅਨੇ-ਮਿਹਣੇ ਲੋਕਾਂ ਨੇ ਤਾਂ, ਇੰਜ ਹੀ ਦੇਣੇ ਰੋਜ਼,
ਉੱਠ ਉਏ ਝੱਲਿਆ ਦਿਲਾ ਨਿਮਾਣਿਆ, ਚੱਲ ਸੱਜਣਾ ਦੀ ਝੋਕ ।
ਵਾਂਗ ਮੱਕੀ ਦੀਆਂ ਛੱਲੀਆਂ ਖ਼ਵਰੇ, ਖਿੜ ਪਏ ਤੇਰਾ ਪਿਆਰ,
ਤੂੰ ਰੀਝਾਂ ਦੀ ਭੱਠੀ ਹੇਠਾਂ, ਜਤਨ ਦਾ ਬਾਲਣ ਝੋਕ ।
'ਰਾਹਤ' ਫ਼ਜਰ ਦੀਆਂ ਤਾਂਘਾਂ ਵਿੱਚ, ਹੋਰ ਘੜੀ ਕੂ ਜਾਗ,
ਰਹਿੰਦੀ ਰਾਤ ਦੇ ਮੁੱਕਣ ਤਾਈਂ, ਆਉਂਦੀ ਜਾਂਦੀ ਝੋਕ ।