ਪਿਆਰ ਜਦ ਵੀ ਕਰੋਗੇ ਤੁਸੀਂ ।
ਝੀਲ ਅੱਗ ਦੀ ਤਰੋਗੇ ਤੁਸੀਂ ।
ਮੇਰੇ ਸਾਹਾਂ ਦੀ ਗਰਮੀ ਲਵੋ,
ਇੰਜ ਕਦ ਤੱਕ ਠਰੋਗੇ ਤੁਸੀਂ ?
ਹਾਦਸੇ-ਹਾਦਸੇ ਹਰ ਜਗਾਹ,
ਪੈਰ ਕਿਸ ਥਾਂ ਧਰੋਗੇ ਤੁਸੀਂ ?
ਪਹਿਲਾਂ-ਪਹਿਲਾਂ ਕਿਨਾਰੇ ਸਹੀ,
ਫਿਰ ਸਮੁੰਦਰ ਤਰੋਗੇ ਤੁਸੀਂ ।
ਆਪਦੇ ਨੇ ਉਪਾਸ਼ਕ ਬੜੇ,
ਪਿਆਰ ਕਿਸ ਨੂੰ ਕਰੋਗੇ ਤੁਸੀਂ ?
ਹਰ ਬਨੇਰਾ ਹੈ ਜ਼ਖ਼ਮੀ ਜਿਹਾ,
ਦੀਵੇ ਕਿਸ ਥਾਂ ਧਰੋਗੇ ਤੁਸੀਂ ?
ਧੁੱਪ 'ਤੇ ਰੱਖੀ ਜੇ ਮੈਲੀ ਨਜ਼ਰ,
ਖ਼ੁਦ ਹੀ ਖ਼ੁਦ ਤੋਂ ਡਰੋਗੇ ਤੁਸੀਂ।
ਇਹ ਹੈ ਕੁਦਰਤ ਦਾ ਪਹਿਲਾ ਸਬਕ,
ਜੋ ਕਰੋਗੇ ਭਰੋਗੇ ਤੁਸੀਂ।