ਪਿਆਰ-ਸ਼ਿਆਰਾਂ ਵਾਲੀ ਗੱਲ ਅੱਜ

ਪਿਆਰ-ਸ਼ਿਆਰਾਂ ਵਾਲੀ ਗੱਲ ਅੱਜ, ਹੋ ਗਈ ਬਹੁਤ ਪੁਰਾਣੀ

ਛੱਡ ਪਰੀਆਂ ਦੇ ਕਿੱਸੇ ਬੀਬਾ, ਛੂਹ ਕੋਈ ਨਵੀਂ ਕਹਾਣੀ

ਹੁਣ ਤੇ ਕੋਈ ਸੱਯਦਜ਼ਾਦੀ ਵੀ ਨਹੀਂ ਘੁੰਡ ਕਢੇਂਦੀ,

ਹੁਣ ਤੇ ਕੰਮੀਆਂ ਨਾਲ ਪਈ ਨੱਚਦੀ, ਟੀ ਵੀ ਤੇ ਚੁਧਰਾਣੀ

ਛੱਡੋ, ਰੋਜ਼ ਆਉਂਦੇ ਰਹਿੰਦੇ, ਨਵੇਂ ਖ਼ਤੀਬ ਮਸੀਤੇ,

ਦੱਸੋ ਕਿ ਅੱਜ ਵੀ. ਸੀ. ਆਰ ਤੇ, ਕਿਹੜੀ ਫ਼ਿਲਮ ਚਲਾਣੀ

ਹਮਦਰਦੀ ਦੇ ਫੋਕੇ ਬੋਲ ਵੀ, ਕੋਈ ਨਹੀਂ ਬੋਲ ਸੁਣਾਂਦਾ,

ਬੰਦਿਆਂ ਵਿੱਚੋਂ ਸ਼ਫ਼ਕਤ ਮੁੱਕੀ, ਮੁਖ਼ਲਸ ਰਹੇ ਨਾ ਹਾਣੀ

ਓਸੇ ਬੂਟੇ ਦੇ ਕੰਡਿਆਂ ਨੇ, ਪਿੰਡਾ ਮੇਰਾ ਪੱਛਿਆ,

ਮੈਂ ਜੀਹਨੂੰ ਪਰਵਾਨ ਚੜਾਇਆ, ਹੱਥੀਂ ਦੇ ਦੇ ਪਾਣੀ

ਕੰਨਾਂ ਵਿਚ ਹੁਣ ਰਸ ਨਾ ਘੋਲੇ, ਬੇਲੇ ਕੂਕਦੀ ਵੰਝਲੀ,

ਹੁਣ ਤੇ ਦਿਲ ਪਰਚਾਵਣ ਦੇ ਲਈ, ਟੇਪ ਦੁਬਈਉਂ ਆਣੀ

ਇਕ ਵਾਰੀ ਤੇ ਵਿਚ ਸ਼ਰੀਕਾਂ, ਤਰਥੱਲੀ ਪਾ ਦੇਸਾਂ,

ਭਾਂਡੇ ਵੇਚ ਕੇ 'ਜ਼ਖ਼ਮੀ' ਭਾਵੇਂ, ਪਵੇ ਕਿਤਾਬ ਛਪਾਣੀ

📝 ਸੋਧ ਲਈ ਭੇਜੋ