ਰਾਗ ਵੈਰਾਗ

ਤੇਰੀ ਖੈਰ ਮੰਗਾਂ ਸੱਚੇ ਰੱਬ ਕੋਲ਼ੋਂ

ਤੱਤੜੀ ਜਿਉਂਦੇ ਜੀਅ ਤੂੰ ਮਾਰੀ ਵੇ

ਮੇਰਾ ਦਾਮਨ ਫਿੱਕੜਾ ਕਰ ਛੱਡਿਆ

ਕੋਈ ਰੰਗ ਨਾ ਲਾਇਆ ਲਲਾਰੀ ਵੇ

ਮੇਰੀ ਡੋਰ ਹੱਥਾਂ ਤੇਰਿਆਂ 'ਚ

ਜਿਵੇਂ ਕਠਪੁਤਲੀ ਹੱਥ ਮਦਾਰੀ ਵੇ

ਤੂੰ ਆਵੇਂ ਨਾ ਮੈਂ ਥੱਕਦੀ ਨਾ

ਬੈਠ ਉੁਡੀਕਾਂ ਖੋਲ ਕੇ ਬਾਰੀ ਵੇ

ਮੇਰੀ ਰੁਲ਼ੀ ਜਵਾਨੀ ਰਾਹਾਂ 'ਚ

ਜਿਵੇਂ ਭਟਕੇ ਕੋਈ ਭੰਬੀਰੀ ਵੇ

ਮੈਂ ਤੈਥੋਂ ਬਾਹਰ ਨ੍ਹੀ ਜਾ ਸਕਦੀ

ਪੈਰੀਂ ਬੰਨ੍ਹੀ ਐਸੀ ਜੰਜ਼ੀਰੀ ਵੇ

ਮੇਰੇ ਬਾਗੀਂ ਰੁੱਖ ਵੀ ਸੜ ਗਏ

ਨਾਲ਼ੇ ਸੁੱਕੀ ਨਵੀਂ ਪਨੀਰੀ ਵੇ

ਵੇ ਮੈਂ ਰੋਵਾਂ ਤੇ ਕੁਰਲਾਵਾਂ ਵੀ

ਜਿਵੇਂ ਕੂਕਦੀ ਫਿਰੇ ਟਟੀਰੀ ਵੇ

ਮੈਨੂੰ ਰਾਗ ਵੈਰਾਗ ਦਾ ਖਾ ਗਿਆ

ਮੈਨੂੰ ਭਾਉਂਦੀ ਨਾ ਸ਼ਹਿਨਾਈ ਵੇ

ਤੂੰ ਮੰਦੜਾ ਦਰਸ਼ਨ ਦੇਵੇਂ ਨਾ

ਮੈਂ ਪਾਉਂਦੀ ਫਿਰਾਂ ਦੁਹਾਈ ਵੇ

ਤਰਸ ਨਾ ਖਾਵੇਂ ਮਰਦੀ ਤੇ ਤੂੰ

ਸ਼ਰਮ ਸਿਰਾਂ ਤੋਂ ਲਾਹੀ ਵੇ

ਨਿੱਤ ਪੋਟਾ ਪੋਟਾ ਵੱਢ ਸੁੱਟਦੈਂ

ਤੂੰ ਭੈੜਾ ਅਰਜ਼ ਕਸਾਈ ਵੇ

📝 ਸੋਧ ਲਈ ਭੇਜੋ