ਉੱਠੋ ਯੋਧਿਓ ਪਈ ਗੈਰਤ ਵੰਗਾਰ ਦੀ॥
ਗੱਲ ਹੋਂਦ ਦੀ ਆ ਨਾਂ ਕਿ ਜਿੱਤ ਹਾਰ ਦੀ॥
ਡਿੱਗ ਰਹੇ ਸਾਡੇ ਸਿੱਖੀ ਦੇ ਮਿਆਰ ਦੀ॥
ਆਪਾਂ ਸਾਰਿਆਂ ਨੇ ਹੁਣ ਹਿੱਸਾ ਪਾ ਕੇ ਰਹਿਣਾ ਏ!
ਰਾਜ ਖਾਲਸਾ ਜੀ ਖਾਲਸ ਬਣਾ ਕੇ ਰਹਿਣਾ ਏ!
ਬਣ ਗਿਆ ਏ ਸਵਾਲ ਸਾਡੀ ਪੱਗ ਦਾ॥
ਹਾਸਾ ਬਣਕੇ ਨਾਂ ਰਹਿ ਜਾਈਏ ਜੱਗ ਦਾ॥
ਬੂਥਾ ਭੰਨ ਦਈਏ ਲੋਟੂਆਂ ਦੇ ਵੱਗ ਦਾ॥
ਉੱਚੇ ਉੱਡਦੇ ਕਬੂਤਰਾਂ ਨੂੰ ਲਾਹ ਕੇ ਰਹਿਣਾ ਏ!
ਰਾਜ ਖਾਲਸਾ ਜੀ ਖਾਲਸ ਬਣਾ ਕੇ ਰਹਿਣਾ ਏ!
ਵੋਟਾਂ ਆ ਗਈਆਂ ਖਾਲਸਾ ਜੀ ਨੇੜੇ ਆ॥
ਲੰਗੌਟ ਕੱਸਕੇ ਨਿੱਤਰ ਆਓ ਵੇਹੜੇ ਆ॥
ਤਿਆਗ ਦੇਵੋ ਸਭ ਆਪਸੀ ਦੇ ਝੇੜੇ ਆ॥
ਮੱਲ ਭੂਤਰਿਆ ਅੱਜ ਆਪਾਂ ਢਾਹ ਕੇ ਰਹਿਣਾ ਏ!
ਰਾਜ ਖਾਲਸਾ ਜੀ ਖਾਲਸ ਬਣਾ ਕੇ ਰਹਿਣਾ ਏ!
ਹੱਕ ਮਿਲਿਆ ਨੀਂ ਸਾਨੂੰ ਹੱਕ ਮੰਗਿਆਂ॥
ਸਿਰੀ ਫਹਿਣੀਂ ਪਊ ਵਾਂਗਰ ਔਰੰਗਿਆਂ॥
ਪਾਣੀ ਮੰਗੂ ਕਿਵੇਂ ਸਿੱਖਾਂ ਕੋਲੋ ਡੰਗਿਆਂ॥
ਸੌਂਹੁ ਖਾਦੀ ਏਦਾ ਤਖਤ ਹਲਾ ਕੇ ਰਹਿਣਾ ਏ!
ਰਾਜ ਖਾਲਸਾ ਜੀ ਖਾਲਸ ਬਣਾ ਕੇ ਰਹਿਣਾ ਏ!
ਬਾਜ਼ ਪਿੰਜ਼ਰੇ 'ਚ ਠਹਿਰ ਨਈਓ ਸਕਦਾ॥
ਅੱਖੀਂ ਹੁੰਦਾ ਜ਼ਰ ਕਹਿਰ ਨਈਓ ਸਕਦਾ॥
ਸਿੱਖ ਭੁੱਲ ਕਦੇ ਵੈਰ ਨਹੀਓ ਸਕਦਾ॥
ਆਪਾਂ ਸੱਤਿਆ ਵੇ ਫਰਜ਼ ਨਿਭਾ ਕੇ ਰਹਿਣਾ ਏ!
ਰਾਜ ਖਾਲਸਾ ਜੀ ਖਾਲਸ ਬਣਾ ਕੇ ਰਹਿਣਾ ਏ!