"ਵਾਰਿਸ ਕੀ ਹਜ਼ਾਰੇ ਦੀ ਸਿਫਤ ਆਖਾਂ,
ਗੋਯਾ ਸੁਰਗ ਜ਼ਮੀਨ ਤੇ ਆਇਆ ਈ ।"
ਨੀਊ ਲਾਈਟ ਦੇ ਕਾਲਜ ਦੀ ਗਲ ਕੀ ਏ,
ਜਿਥੇ ਰਾਂਝਿਆਂ ਰੰਗ ਮਚਾਇਆ ਈ ।
ਤੱਕੋ ਜਿਨੂੰ ਉਹ ਮਾਤਾ ਦਾ ਮਾਲ ਜਾਪੇ,
ਹੁੰਦਾ ਜਿਵੇਂ ਕੋਈ ਮਾਲ ਪਰਾਇਆ ਈ।
ਰੰਗ ਉਨ੍ਹਾਂ ਦੇ ਪੀਲੇ ਵਸਾਰ ਵਰਗੇ,
ਲਕ ਦੋਹਰੇ ਤੇ ਗੁੱਸਾ ਸਵਾਇਆ ਈ।
ਸਾਡਾ ਰਾਂਝਣਾ ਫੇਰ ਭੀ ਰਾਂਝਣਾ ਹੈ
ਪੜ੍ਹਣ ਮਾਪਿਆਂ ਨੇ ਏਥੇ ਪਾਇਆ ਈ।
ਰਵ੍ਹੇ ਨਚਦਾ ਫਿਲਮ ਦੀ ਤਰਜ਼ ਉੱਤੇ
'ਹਾਏ ਦਿਲ' ਦਾ ਸ਼ੋਰ ਮਚਾਇਆ ਈ।
ਅੰਦਰ ਪਿਚਕੀਆਂ ਗਲ੍ਹਾਂ ਤੇ ‘ਦੰਦ ਬੋੜਾ'
ਜਿਵੇਂ ਕਬਰ 'ਚੋਂ ਕਰੰਗ ਕੋਈ ਆਇਆ ਈ ।
"ਵੰਡਰਫ਼ੁਲ" ਉਹ ਆਖਦਾ ਖੁਸ਼ੀ ਅੰਦਰ
“ਬਿਊਟੀਫ਼ੁਲ" ਵੀ ਮੁਖੋਂ ਅਲਾਇਆ ਈ।
ਹਵਾ ਬੰਨ੍ਹੇ ਲਵਿੰਡਰ ਦੇ ਨਾਲ ਅਪਣੀ
ਉਨ੍ਹੇ ਬੁੱਕ ਕਰੀਮ ਦਾ ਲਾਇਆ ਈ ।
ਉਹਦੇ ਚਿਹਰੇ ਤੇ ਦਾਗ਼ ਨੇ ਠੰਡੀਆਂ ਦੇ
ਖਰਸ-ਖਾਧੜਾ ਜਿਨ੍ਹਾਂ ਬਣਾਇਆ ਈ ।
ਗਰਮ ‘ਸ਼ਰਟ ਸਵੈਟਰ ਦੇ ਹੇਠ ਦਿੱਤੀ
ਉਨ੍ਹੇ ਕੋਟ ਤੇ ਕੋਟ ਚੜ੍ਹਾਇਆ ਈ।
ਫਿਰ ਭੀ ਕੰਬਦਾ ਸਰਦੀਆਂ ਵਿਚ ਨੱਢਾ
ਹੀਟਰ ਭਾਵੇਂ ਉਸ ਸਦਾ ਤਪਾਇਆ ਈ ।
ਕਿਸੇ ਨਾਲ ਨਾ ਕਦੇ ਭੀ ਹਸਦਾ ਹੈ
ਮੱਥੇ ਵੱਟ ਤੇ ਨੱਕ ਚੜ੍ਹਾਇਆ ਈ।
ਕਾਲਜ ਓਸਦਾ ਨਵੇਂ ਹੀ ਰੰਗ ਦਾ ਹੈ
ਹੜ੍ਹ ਫੈਸ਼ਨਾਂ ਦਾ ਜਿੱਥੇ ਆਇਆ ਈ ।
ਜਿਵੇਂ ਏਥੇ ਮਰੀਜ਼ ਹੀ ਆਉਂਦੇ ਨੇ
ਹਸਪਤਾਲ ਜਿਸ ਤਰਾਂ ਬਣਾਇਆ ਈ ।
ਬੰਦੋਬਸਤ ਹੈ ਟੀਕੇ ਲਗਾਉਣੇ ਦਾ
ਹਰ ਇਕ ਰਾਂਝੇ ਨੂੰ ਟੀਕਾ ਲਵਾਇਆ ਈ ।
ਹੀਰਾਂ ਹਸਦੀਆਂ ਤੁਸਦੀਆਂ ਫਿਰਦੀਆਂ ਨੇ
ਜਿਨ੍ਹਾਂ ਕਾਲਜ ਨੂੰ ਹੋਰ ਮਹਿਕਾਇਆ ਈ ।
ਮੀਊਜ਼ਕ ਵਿਚ ਕਲਾਸ ਮਸ਼ਹੂਰ ਇਸਦੀ
ਇਹਦੇ ਡਾਂਸ ਨੇ ਡੰਕਾ ਵਜਾਇਆ ਈ ।
ਪੜ੍ਹੋ ਕੋਈ ਨਾ ਏਥੇ ਧਿਆਨ ਦੇ ਕੇ
ਟਾਈਮ ਗੱਲਾਂ ਦੇ ਵਿਚ ਲੰਘਾਇਆ ਈ ।
ਹਰ ਇਕ ਸਮਝਦਾ ਪਿਆ ‘ਹਮਦਰਦ' ਏਥੇ
ਜੇਕਰ ਰਬ ਦੀ ਜੰਞ ਉਹ ਆਇਆ ਈ ।