ਰਾਤ ਦਿਨੇ ਮੈਂ ਤੈਨੂੰ ਟੋਲ੍ਹਾਂ ਤੇਰੇ ਲਈ ।
ਪਿਆਰ ਦੇ ਸੁੱਚੇ ਮੋਤੀ ਰੋਲਾਂ ਤੇਰੇ ਲਈ ।
ਆਪਣੇ ਸੱਭੇ ਸੁਖ ਮੈਂ ਲਾ ਕੇ ਤੇਰੇ ਨਾਂ,
ਦੁੱਖਾਂ ਵਿਚ ਵੀ ਸੁੱਖ ਟਟੋਲਾਂ ਤੇਰੇ ਲਈ ।
ਤੂੰ ਆਵੇਂ ਤੇ ਪਿਆਸ ਬੁਝਾਵਾਂ ਅੱਖੀਆਂ ਦੀ,
ਦਿਲ ਦੇ ਸਾਰੇ ਬੂਹੇ ਖੋਲ੍ਹਾਂ ਤੇਰੇ ਲਈ ।
ਜ਼ਿੰਦਾ ਰਹਿਣ ਦਾ ਬਲ ਤੂੰ ਮੈਨੂੰ ਦੱਸਿਆ ਏ,
ਕਿਉਂ ਨਾ ਫੇਰ ਹਿਆਤੀ ਰੋਲਾਂ ਤੇਰੇ ਲਈ ।
ਤੂੰ ਹੋਵੇਂ ਤੇ ਯਾਦ ਰਹਵੇ ਨਾ ਆਪਣਾ ਆਪ,
ਤੇਰੇ ਬਾਝੋਂ ਫਿਰ ਮੈਂ ਡੋਲਾਂ ਤੇਰੇ ਲਈ ।
ਲੋਕ ਤੇ ਆਪਣੀ ਖ਼ਾਤਰ ਟੋਲ੍ਹਣ ਆਪਣਾ ਆਪ,
ਤੇ ਮੈਂ ਆਪਣਾ ਆਪ ਟਟੋਲਾਂ ਤੇਰੇ ਲਈ ।
ਬੋਲਣ ਦੀ ਫਿਰ ਜਾਚ ਨਾ ਮੈਨੂੰ ਯਾਦ ਰਹਵੇ,
'ਆਗ਼ਾ' ਮੰਦਾ ਬੋਲ ਜੇ ਬੋਲਾਂ ਤੇਰੇ ਲਈ ।