ਰਾਤ ਹਨੇਰੀ ਨਹੀਂ ਹੁੰਦੀ

ਰਾਤ ਹਨੇਰੀ ਨਹੀਂ ਹੁੰਦੀ

ਨਾ ਕਾਲੀ

ਨਾ ਹੀ ਘਰ ਦੀ ਪਿਛਲੀ ਕੋਠੜੀ

ਅਸੀਂ ਹੀ ਹੁੰਦੇ ਹਾਂ

ਨੱਕੋ ਨੱਕ ਕਾਲਸ ਵਿਚ ਡੁੱਬੇ

ਨਾ ਹੀ ਹਨੇਰੇ ਝੱਲਣ ਜੋਗੇ ਹੁੰਦੇ ਨੇ 

ਲੱਪ ਕੁ ਰਿਸ਼ਮਾਂ ਨੂੰ

ਜੇ ਤੀਰਾਂ ਵਰਗੀਆਂ ਹੋਣ ਤਿੱਖੀਆਂ 

ਚਿੰਤਨ ਹੋਵੇ ਤਾਂ ਸਈ 

ਸੂਰਜ ਵਰਗਾ ਹੋਵੇ 

ਸੂਰਤ ਹੋਵੇ ਤਾਂ ਸਈ ਕੱਚੇ ਘੜੇ 'ਤੇ

ਤਰਨ ਵਾਲੀ ਵਰਗੀ

ਸੀਸ ਹੋਣ 

ਸੰਸਾਰ ਦੀ ਚਾਦਰ ਵਾਲੇ ਵਰਗੇ 

ਉਦਾਸੀਆਂ ਵਾਲਾ ਕੋਈ ਹੋਵੇ ਤਾਂ ਸਈ

ਕਰਤਾਰ ਪੁਰ ਵਾਲੇ ਹਲਵਾਹਕ ਵਰਗਾ

ਲਫ਼ਜ਼ਾਂ ਤੋਂ ਬਗੈਰ ਵੀ ਤਾਂ

ਮੱਥੇ ਹਨੇਰ ਕੋਠੜੀਆਂ ਹੀ ਨੇ

ਰੰਗ ਬਿਰੰਗੀਆਂ ਵੰਗਾਂ ਬਿਨ

ਵੀ ਬੱਗੀਆਂ ਵੀਣੀਆਂ ਛਣਕਣ

ਚਿੱਟੇ ਪੈਰ ਪਾਉਣ ਧਮਕਾਂ

ਵਿਹੜੇ ਪੁੱਟਣ 

ਵੇ ਤੇਰੀਆਂ ਦਿਤੀਆਂ ਝਾਂਜਰਾਂ ਤੋਂ ਬਗ਼ੈਰ

ਗੀਤ ਜੇ ਹੋਣ ਸੁਰੀਲੇ ਤਾਂ ਹੋਣ 

ਕੋਇਲ ਦੇ ਬੋਲਾਂ ਵਰਗੇ

ਪੌਣਾਂ ਹੀ ਲੈ ਜਾਣ ਚੁਰਾ ਕੇ

ਮਰਨਾ ਤਾਂ ਕੀ ਉਹਨਾਂ ਨੇ

ਸਦੀਆਂ ਖੁਣ ਲੈਣ ਮੱਥਿਆਂ ਤੇ

ਉਪਨਿਸ਼ਦ ਸਾਂਭ ਲੈਣ

ਸਫਿਆਂ ਦੀਆਂ ਪਰਤਾਂ ਸਫਿਆਂ ਵਿੱਚ 

ਤੇਰੀ ਹਿੱਕ ਵਿੱਚ ਵੀ 

ਜੇ ਹਨੇਰਾ ਨਾ ਹੁੰਦਾ

ਤਾਂ ਤੈਂ ਦੋ ਵਾਰ 

ਚੂਰੀ ਲੈ ਕੇ ਆਇਆ ਕਰਨੀ ਸੀ 

ਗਰਮ ਕੌਫੀ ਦੇ ਨਾਲ

ਜਦੋਂ ਵੀ ਵਿਹਲ ਹੋਵੇ ਚਾਨਣ ਮਿਣੀ

ਨਜ਼ਮ ਦੀਆਂ ਸਤਰਾਂ ਵਿੱਚ

ਤਾਰੇ ਜਗਦੇ ਚਿਣੀ

ਪੰਛੀ ਉਚੀ ਪਰਵਾਜ਼ ਵਾਲੇ ਹੀ ਗਿਣੀ

📝 ਸੋਧ ਲਈ ਭੇਜੋ