ਰਾਤ ਮੇਰੀ ਜਾਗਦੀ
ਤੇਰਾ ਖ਼ਿਆਲ ਸੌਂ ਗਿਆ ।
ਸੂਰਜ ਦਾ ਰੁੱਖ ਖੜਾ ਸੀ
ਕਿਰਨਾਂ ਕਿਸੇ ਨੇ ਤੋੜੀਆਂ
ਇਹ ਚੰਨ ਦਾ ਗੋਟਾ ਕਿਸੇ
ਅੰਬਰ ਤੋਂ ਅੱਜ ਉਧੇੜਿਆ ।
ਕਿਉਂ ਕਿਸੇ ਦੀ ਨੀਂਦ ਨੂੰ
ਸੁਪਨੇ ਬੁਲਾਵਾ ਦੇ ਗਏ
ਤਾਰੇ ਖਲੋਤੇ ਰਹਿ ਗਏ
ਅੰਬਰ ਨੇ ਬੂਹਾ ਢੋ ਲਿਆ ।
ਇਹ ਜ਼ਖ਼ਮ ਮੇਰੇ ਇਸ਼ਕ ਦੇ
ਸੀਤੇ ਸੀ ਤੇਰੀ ਯਾਦ ਨੇ
ਅਜ ਤੋੜ ਕੇ ਟਾਂਕੇ ਅਸਾਂ
ਧਾਗਾ ਵੀ ਤੈਨੂੰ ਮੋੜਿਆ ।
ਕਿਤਨੀ ਕੁ ਦਰਦਨਾਕ ਹੈ
ਅੱਜ ਬੀੜ ਮੇਰੇ ਇਸ਼ਕ ਦੀ
ਸਭਨਾਂ ਉਡੀਕਾਂ ਦਾ ਅਸਾਂ
ਪਤਰਾ ਇਹਦੇ 'ਚੋਂ ਪਾੜਿਆ ।
ਧਰਤੀ ਦਾ ਹੌਕਾ ਨਿਕਲਿਆ
ਅਸਮਾਨ ਨੇ ਸਿਸਕੀ ਭਰੀ
ਫੁੱਲਾਂ ਦਾ ਸੀ ਇਕ ਕਾਫ਼ਲਾ
ਤੱਤੇ ਥਲਾਂ 'ਚੋਂ ਗੁਜ਼ਰਿਆ !
ਕਣਕ ਦੀ ਇਕ ਮਹਿਕ ਸੀ
ਬਾਰੂਦ ਨੇ ਅੱਜ ਪੀ ਲਈ
ਈਮਾਨ ਸੀ ਇਕ ਅਮਨ ਦਾ
ਓਹ ਵੀ ਕਿਤੇ ਵਿਕਦਾ ਪਿਆ ।
ਦੁਨੀਆਂ ਦੇ ਚਾਨਣ ਨੂੰ ਅਜੇ
ਸਦੀਆਂ ਉਲਾਂਭੇ ਦੇਂਦੀਆਂ
ਇਸ ਪਿਆਰ ਦੀ ਰੁੱਤੇ ਤੁਸਾਂ
ਨਫ਼ਰਤ ਨੂੰ ਕੀਕਣ ਬੀਜਿਆ ?
ਇਨਸਾਨ ਦਾ ਇਹ ਖ਼ੂਨ ਹੈ
ਇਨਸਾਨ ਨੂੰ ਪੁਛਦਾ ਪਿਆ
ਈਸਾ ਦੇ ਸੁੱਚੇ ਹੋਠ ਨੂੰ
ਸੂਲੀ ਨੇ ਕੀਕਣ ਚੁੰਮਿਆ ?
ਇਹ ਕਿਸ ਤਰ੍ਹਾਂ ਦੀ ਰਾਤ ਸੀ
ਅਜ ਦੌੜ ਕੇ ਲੰਘੀ ਜਦੋਂ
- ਚੰਨ ਦਾ ਇਕ ਫੁੱਲ ਸੀ
ਪੈਰਾਂ ਦੇ ਹੇਠਾਂ ਆ ਗਿਆ ।
ਸੂਰਜ ਦਾ ਘੋੜਾ ਹਿਣਕਿਆ
ਚਾਨਣ ਦੀ ਕਾਠੀ ਲਹਿ ਗਈ
ਉਮਰਾਂ ਦੇ ਪੈਂਡੇ ਮਾਰਦਾ
ਧਰਤੀ ਦਾ ਪਾਂਧੀ ਰੋ ਪਿਆ ।
ਇਹ ਰਾਤ ਕਿਉਂ ਅਜ ਤ੍ਰਹਿ ਗਈ
ਕਾਲਖ਼ ਹੈ ਕੁਝ ਕੰਬਦੀ ਪਈ
ਕਿਦਰੇ ਕਿਸੇ ਵਿਸ਼ਵਾਸ ਦਾ
ਸ਼ਾਇਦ ਟਟਹਿਣਾ ਚਮਕਿਆ !
ਰਾਤਾਂ ਦੀ ਅੱਖ ਫ਼ਰਕਦੀ
ਇਹ ਖੌਰੇ ਚੰਗਾ ਸਗਣ ਹੈ
ਅੰਬਰ ਦੀ ਉੱਚੀ ਕੰਧ ਤੇ
ਚਾਨਣ ਦਾ ਤੀਲਾ ਲਿਸ਼ਕਿਆ ।
ਕੀ ਕਰੇ ਟਾਹਣੀ ਕੋਈ
ਫੁੱਲਾਂ ਦੀ ਮਮਤਾ ਮਾਰਦੀ
ਇਨਸਾਨ ਦੀ ਤਕਦੀਰ ਨੇ
ਇਨਸਾਨ ਨੂੰ ਅੱਜ ਆਖਿਆ :
ਹੁਸਨਾਂ ਤੇ ਇਸ਼ਕਾਂ ਵਾਲਿਓ
ਜਾਵੋ - ਲਿਆਵੋ ਮੋੜ ਕੇ
ਵਿਸ਼ਵਾਸ ਦਾ ਇਕ ਜਾਤਰੂ
ਜਿੱਥੇ ਵੀ ਕਿਧਰੇ ਟੁਰ ਗਿਆ ।