ਰਾਤ ਨੂੰ ਜੋ ਜੁਗਨੂੰਆਂ ਨੂੰ ਫੜ ਰਿਹਾ ਸੀ।
ਦਿਨ ਚੜ੍ਹੇ ਸੂਰਜ ਦੇ ਕੋਲੋਂ ਡਰ ਰਿਹਾ ਸੀ।
ਹਾਦਸੇ ਵਾਲੀ ਜਗ੍ਹਾ ਕੋਈ ਨਹੀਂ ਸੀ,
ਇਕ ਖੰਭਾ ਸੀ ਜੋ ਓਥੇ ਖੜ੍ਹ ਰਿਹਾ ਸੀ।
ਉਹ ਨਦੀ ਜਿਹੜੀ ਪਹਾੜਾਂ ਨੇ ਲਿਖੀ ਸੀ,
ਸ਼ਾਮ ਨੂੰ ਉਸਨੂੰ ਸਮੁੰਦਰ ਪੜ੍ਹ ਰਿਹਾ ਸੀ।
ਮੈਂ ਤਾਂ ਪੱਥਰ ਸਾਂ ਸ਼ਕਲ ਸੂਰਤ ਵਿਹੂਣਾ,
ਕੌਣ ਸੀ ਆਖ਼ਰ ਜੋ ਮੈਨੂੰ ਘੜ ਰਿਹਾ ਸੀ।
ਓਸਦਾ ਮਾਲਕ ਕਦੋਂ ਦਾ ਤੁਰ ਗਿਆ ਹੈ,
ਚੋਰ ਜਿਸ ਦੇ ਘਰ 'ਚ ਚੋਰੀ ਵੜ ਰਿਹਾ ਸੀ।
ਖ਼ਾਬ ਵਾਂਗੂੰ ਜਿਸਨੂੰ ਪਲਕਾਂ ਤੇ ਬਿਠਾਇਆ,
ਰੋ ਰੋ ਆਖ਼ਰ ਵਾਂਗ ਸ਼ੱਮ੍ਹਾਂ ਝੜ ਰਿਹਾ ਸੀ।
ਸਮਝਕੇ ਸੀਤਲ ਨਦੀ ਮੈਂ ਛਾਲ ਮਾਰੀ,
ਅੱਗ ਸੀ ਬਾਹਾਂ ’ਚ ਤੇ ਮੈਂ ਸੜ ਰਿਹਾ ਸੀ।