ਰਬਾਬ ਨਹੀਂ ਵੱਜੀ ਅਜੇ
ਨਾ ਹੀ ਕਿਤੇ
ਸਰਘੀ 'ਚੋਂ ਸਰਗਮ ਉੱਗੀ ਹੈ
ਆਉਣਾ ਸੀ ਮੇਰੇ ਬਾਬੇ ਨਾਨਕ ਨੇ
ਪਰਗਟ ਹੋਣਾ ਸੀ ਮੇਰੇ ਸੂਰਜ ਨੇ
ਬੋਲ ਜਾਗਣੇ ਸਨ
ਸ਼ਬਦ ਨੇ ਪੌਣ 'ਚ ਖੁਸ਼ਬੂ ਖਿਲਾਰਨੀ ਸੀ
ਰਿਸ਼ਮਾਂ ਵਾਂਗ ਵਿਛਣਾ ਸੀ ਰਾਗ ਨੇ
ਸਵੇਰ ਨੇ ਪੂੰਝਣਾ ਸੀ ਰਾਤ ਨੂੰ
ਦੀਬਾਨ ਤਾਂ ਸਜਿਆ ਹੈ
ਬੋਲਾਂ 'ਚ ਨਾ ਰਾਗ ਨਾ ਸੁਰ
ਕੀ ਸੁਣ ਰਿਹਾ ਹਾਂ ਮੈਂ
ਗੁਰਸ਼ਬਦ ਤਾਂ ਹੈ
ਵਿਚਾਰ ਕਿੱਥੇ ਗਿਆ?
ਅਰਥ ਵੀ ਨਹੀਂ ਦਿਸ ਰਹੇ!
ਕਿੱਥੇ ਚਲਾ ਗਿਆ ਹੈ
ਚਾਨਣ ਜ਼ਹਾਨ ਦਾ
ਰੌਸ਼ਨੀ ਮੇਰੇ ਸੁੰਨੇ ਘਰਾਂ ਦੀ
ਮਰਦਾਨਾ ਵੀ ਨਜ਼ਰ ਨਹੀਂ ਆਉਂਦਾ
ਇੱਕਲਾ ਰਹਿ ਗਿਆ ਹੈ ਸੂਰਜ ਕਿਤੇ
ਸ਼ਬਦ ਰਬਾਬ ਰਾਗ ਕਿੰਜ਼ ਵਿੱਛੜ ਸਕਦੇ ਹਨ
ਨਹੀਂ ਇਹ ਯਾਰੀ ਨਹੀਂ ਟੁੱਟ ਸਕਦੀ
ਇਹ ਸੁਗੰਧ ਕੌਣ ਮਿਟਾ ਸਕਦਾ ਹੈ
ਕੀ ਕਰੇਗੀ ਕੋਈ ਪਵਨ ਇਕੱਲੀ
ਮਹਿਕਾਂ ਤੋਂ ਸੱਖਣੀ
ਸੰਗਤ ਦੀਆਂ ਭੀੜਾਂ ਏਨੀਆਂ
ਸ਼ਬਦ ਵਾਲਾ ਕਿੱਥੇ ਚਲਾ ਗਿਆ ਹੈ
ਰਬਾਬ ਵੀ ਨਹੀਂ ਬੋਲਦੀ
ਤਾਰ ਤਾਰ ਚੁੱਪ ਬੈਠੀ ਹੈ 'ਕੱਲੀ
ਤਰੰਗਾਂ ਨਹੀਂ ਜਾਗੀਆਂ
ਲੱਭਦਾ ਨਹੀਂ ਸਰਗਮ
ਸੰਗੀਤ ਵੀ ਬੇਪਛਾਣ ਹੋ ਗਿਆ ਹੈ
ਚਿਹਰੇ ਬਹੁਤ ਨੇ ਰਾਗ ਨਹੀਂ ਦਿਸ ਰਿਹਾ
ਤਾਲ ਨਹੀਂ ਲੱਭਦੇ ਸਾਜ਼ 'ਚੋਂ
ਸੁਰ ਨਹੀਂ ਉੱਗ ਰਹੇ ਰਬਾਬ 'ਚੋਂ
ਰੰਗ ਨਹੀਂ ਉੱਡ ਰਹੇ ਗੁਲਾਬ 'ਚੋਂ
ਲਹਿਰਾਂ ਨਹੀਂ ਜਾਗ ਰਹੀਆਂ ਆਬ 'ਚੋਂ
ਜੇ ਨਾਨਕ ਨਾ ਮੇਰਾ ਆਇਆ
ਜੇ ਓਹਨੇ ਹੱਥ ਛੁਹ ਜਾਦੂ ਨਾ ਵਿਛਾਇਆ
ਤਾਂ ਮਨ ਬੇਚੈਨ ਹੋ ਜਾਣਗੇ
ਲਿਆਉਨਾ ਕਿਤਿਓਂ ਲੱਭ ਕੇ
ਫਿਰਦਾ ਹੋਣਾ ਕਿਤੇ ਮਰਦਾਨੇ ਬਾਲੇ ਯਾਰਾਂ ਨਾਲ
ਮਹਿਰਮ ਬਿਨ ਕਦ ਜਗੇ ਨੇ ਦੀਪਕ
ਆਸ਼ਕ ਉਂਗਲਾਂ ਬਿਨ ਕਦ ਬੋਲੀਆਂ ਨੇ ਤਾਰਾਂ