ਜਿਹੜੇ ਬੰਦੇ ਰੱਬ ਦੇ ਨੇੜੇ ਰਹਿੰਦੇ ਨੇ,
ਮਸਤੀਖਾਨੇ ਦਿਲ ਦੇ ਵਿਹੜੇ ਰਹਿੰਦੇ ਨੇ।
ਗ਼ਮ ਨੂੰ ਰਾਹ ਨਾ ਲੱਭੇ ਨੇੜੇ ਆਵਣ ਦਾ,
ਖੁਸ਼ੀਆਂ ਵੱਲੋਂ ਏਦਾਂ ਘੇਰੇ ਰਹਿੰਦੇ ਨੇ।
ਅੱਖੀਆਂ ਦੇ ਵਿੱਚ ਸੂਰਤ ਰਹਿੰਦੀ ਮੁਰਸ਼ਦ ਦੀ,
ਹਰਦਮ ਖੁਸ਼ ਉਹਨਾਂ ਦੇ ਚੇਹਰੇ ਰਹਿੰਦੇ ਨੇ।
ਦੁੱਖ ਨਾ ਨੇੜੇ ਲੱਗੇ ਕਰਦੇ ਸਿਮਰਨ ਜੋ,
ਉਸਦੇ ਘਰ ਵਿੱਚ ਖੁਸ਼ੀਆਂ ਖੇੜੇ ਰਹਿੰਦੇ ਨੇ।
ਸਤਿਗੁਰੂ ਨੂੰ ਹਰ ਵੇਲੇ ਇਹੋ ਤਾਂਘ ਰਹੇ,
ਰੱਬ ਨੂੰ ਮਿਲਣੋਂ ਵਾਂਝੇ ਕਿਹੜੇ ਰਹਿੰਦੇ ਨੇ?
ਮਾਇਆ ਨੂੰ ਜੋ ਟਿੱਚ ਜਾਣਦੈ ਉਹਨਾਂ ਦੇ,
ਕਦਮਾਂ ਵਿੱਚ ਮਾਇਆ ਦੇ ਡੇਰੇ ਰਹਿੰਦੇ ਨੇ।
ਚੰਦਨ ਦੀ ਖੁਸ਼ਬੂ ਨਾਲ ਉਹ ਵੀ ਭਰ ਜਾਂਦੇ,
ਚੰਦਨ ਦੇ ਜੋ ਨੇੜੇ-ਤੇੜੇ ਰਹਿੰਦੇ ਨੇ।
ਹਰ ਬੰਦਾ ਹੀ ਖੁਦ ਨੂੰ ਨਾਢੂ ਖਾਂ ਜਾਣੇ,
ਵਿਰਲਿਆਂ ਵਿੱਚ ਸਿੱਖਣ ਦੇ ਜੇਰੇ ਰਹਿੰਦੇ ਨੇ।
ਮਾੜੇ ਤੋਂ ਮਾੜੇ ਵੀ ਚੰਗੇ ਹੋ ਜਾਂਦੇ,
ਚੰਗਿਆਂ ਦੇ ਜੋ ਨੇੜੇ-ਤੇੜੇ ਰਹਿੰਦੇ ਨੇ।
ਰੱਬ ਅੰਦਰ ਆਨੰਦ, ਸ਼ਾਂਤੀ, ਭਗਤੀ ਏ,
ਦੁਨੀਆਂ ਵਿੱਚ ਤਾਂ ਝਗੜੇ ਝੇੜੇ ਰਹਿੰਦੇ ਨੇ।
ਉਹਨਾਂ ਦੀ ਗੱਲ “ਸਾਹਿਬ” ਰੱਬ ਵੀ ਟਾਲੇ ਨਾ,
ਕਰਦੇ ਭਗਤੀ ਹਰਦਮ ਜਿਹੜੇ ਰਹਿੰਦੇ ਨੇ।