ਘੜਿਆਲ ਪਏ ਸਨ ਘਰ ਅਜੂਬੇ ਅੰਦਰ
ਮੋਏ ਸਮੇਂ ਦੇ ਪਿੰਜਰ
ਸਦੀਆਂ ਪਹਿਲਾਂ ਵੱਜਿਆ ਕਰਦੇ ਚੜ੍ਹੇ ਕਲੀਸੇ
ਪਿੰਡ ਦਰਵੱਜੇ
ਘੰਟੇਘਰ ਵਿਚ
ਕਰਦੇ ਖ਼ਬਰਾਂ:
ਜਾਗਦੇ ਰਹਿਣਾ ਰੱਬ ਦੇ ਬੰਦਿਓ
ਭੁੱਲਣਾ ਨਾਹੀਂ
ਹਰ ਵੇਲਾ ਹੈ ਸਿਮਰਨ ਵੇਲਾ
ਯਸੂਦੁਆਰੇ
ਚਾਬੀ ਦਿੰਦੇ ਭਗਤਜਨ ਰਲ਼ ਕੇ
ਦੂਹਰੇ ਹੋ ਕੇ
ਜਿਉਂ ਪੱਠੇ ਕੁਤਰੇ ਟੋਕਾ
ਟੁੱਕ ਟੁੱਕ ਸੁੱਟਦਾ
ਪਲ ਪਲ ਛਿਣ ਛਿਣ
ਧੁੱਪ ਤੇ ਜਲਥਲ ਰੇਤ-ਘੜੀ ਨਾ' ਜਦ ਗੱਲ ਬਣੀ ਨਾ
ਬੰਦੇ ਗੱਡਿਆ ਲੋਹਾ ਤਾਂਬਾ
ਪਾਈ ਗਰਾਰੀ ਕੱਸ ਕਮਾਣੀ
ਹਿੱਲਣ ਲੱਗੀ ਜਿਉਂ ਪਾਰਾ ਕੰਬੇ
ਦਿਲ ਧੜਕੇ ਹੈ
ਘੜੀਆਂ ਕੀ ਸਨ
ਲਗਦਾ ਸੀ ਜਿਉਂ ਮੰਜੇ ਡੱਠੇ
ਸੇਰੂ ਪਾਵੇ ਦੇ ਵਿਚ ਫਸਿਆ
ਪਾਵਾ ਸੇਰੂ ਦੇ ਵਿਚ
ਦੰਦਾ ਦੰਦੇ ਦੇ ਵਿਚ ਅੜਿਆ
ਵਕਤ ਨਾ ਖੜ੍ਹਿਆ
ਭੁਰ ਗਏ ਦੰਦੇ
ਗੁਨਹੀਂ ਭਰਿਆ
ਦਾਨਾ ਬੀਨਾ ਦਾਨਿਸ਼ਵਰ
ਬੈਠਾ ਰਾਵਣ ਬੰਦਾ
ਬੰਨ੍ਹ ਕੇ ਕਾਲ਼ ਪਾਵੇ ਦੇ ਨਾਲ਼
ਕਾਲ਼ ਤੁੜਾ ਕੇ ਸੰਗਲ਼ ਨੱਸਾ
ਗੇੜੇ ਕੱਢਦਾ ਰਾਮ ਦੀ ਲੀਲਾ
ਪਿੰਡਾ ਕਾਲ਼ਾ ਮੋਢੇ ਭਾਲਾ ਲਹੂ ਦਾ ਰੰਗਿਆ
ਖ਼ਲਕਤ ਵੇਂਹਦੀ ਚੁੱਪ ਕਰਕੇ
ਕੁਛ ਡਰ ਕੇ ਵੀ
ਚਾਰੇ ਪਾਸੇ ਘੜੀਆਂ ਪਈਆਂ
ਚਿਰ ਦਾ ਖੜ੍ਹਿਆ ਕਮਾਦ ਵੇਲਣਾ
ਨਿਤ ਨਪੀੜੀ ਜਾਂਦਾ ਬੰਦਾ
ਇਕ ਨਾ ਅੱਧਾ ਤਿੰਨ ਵੇਲਣੇ
ਚੇਤੇ ਆਇਆ ਚਲੇ ਘੁਲਾੜੀ
ਬਾਂਦਰ ਬੈਠਾ ਗੰਨੇ ਲਾਉਂਦਾ
ਬਣ ਕੇ ਬੀਬਾ ਘਰ ਦਾ ਕਾਮਾ
ਹੱਸਦੇ-ਹੱਸਦੇ ਗੱਡਿਆਂ ਜਿੱਡੀਆਂ ਘੜੀਆਂ ਤਕ ਕੇ
ਦੇਰ ਹੋਈ ਘਰਾਂ ਨੂੰ ਪੁੱਜੇ ਘੜੀ ਨਾ' ਬੱਝੇ
ਸੌਂ ਗਏ ਗੱਲਾਂ ਕਰਦੇ ਕਰਦੇ
ਗੁੱਟਾਂ ਉੱਤੋਂ ਲਾਹ ਕਰ ਘੜੀਆਂ॥