ਹਾਂ ਹਾਂ, ਇਹ ਸੱਚ ਹੈ ਪਿਆਰਿਆ ।
ਮੈਂ ਤੈਨੂੰ ਦੁਨੀਆਂ ਤੋਂ ਜੁਦਾ ਵੇਖਦੀ ਹਾਂ ।
ਮੈਨੂੰ ਰੱਬ ਨੇ ਘੜ੍ਹਿਆ ਤੇਰੇ ਲਈ, ਸਿਰਫ ਤੇਰੇ ਮੇਚ ਦੀ ਹਾਂ ।
ਦੁਨੀਆਂ ਨੂੰ ਕੀ ਪਤਾ, ਤੂੰ ਤੇ ਮੈਂ ਅੰਦਰ ।
ਕੁਝ ਵੱਖਰੀ ਹਸਤੀ ਹੈ ।
ਸਾਰੀ ਦੁਨੀਆਂ ਤੋਂ ਉਹਲੇ, ਸਾਡੀ ਵੱਖਰੀ ਬਸਤੀ ਹੈ ।
ਜਿਹਦੀ ਭਿਣਕ ਤਾਰਿਆਂ ਨਾ, ਆਪਾਂ ਵੱਖਰੀ ਵਣਗੀ ਹਾਂ ।
ਇਸੇ ਲਈ ਤਾਂ ਮੈਂ ਸੋਹਣਿਆਂ, ਸਿਰਫ ਤੇਰੀ ਬਣਗੀ ਹਾਂ ।
ਮੇਰੇ ਕੋਲ ਪਿਆਰ ਦੀ ਮਲਕੀਅਤ ਹੈ, ਜੋ ਤੈਨੂੰ ਮੁਫ਼ਤ ਵੇਚਦੀ ਹਾਂ ।
'ਸਰਬ' ਨੂੰ ਰੱਬ ਨੇ ਘੜ੍ਹਿਆ ਤੇਰੇ ਲਈ, ਸਿਰਫ ਤੇਰੇ ਮੇਚ ਦੀ ਹਾਂ ।
ਅਸੀਂ ਭੱਜੇ ਫਿਰਦੇ ਜਿੰਨਾ ਲਈ, ਸਾਨੂੰ ਕਿੱਥੇ ਨੇ ਜਾਣਦੇ ।
ਅਸੀਂ ਅੰਬਰੀ ਪੀਘਾਂ ਪਾ ਲਈਆਂ, ਹੂਟੇ ਪਏ ਮਾਣਦੇ ।
ਸਾਡਾ ਜ਼ਿਕਰ ਕਾਗਜ਼ਾਂ ਤੇ, ਕਿਸੇ ਕਾਦਰ ਦੀ ਰੂਹ ਪੜ੍ਹਨਾ ।
ਫਿਰ ਅੰਦਰੋਂ ਅੰਦਰੀ ਹੱਸ, ਆਪਾਂ ਦੇ ਨਾਲ ਖੜਨਾ ।
ਕਈ ਆਖਣਗੇ ਤੈਨੂੰ, ਕੱਢ ਸੁੱਟ, ਕਿ ਮੈਂ ਚੁੰਝ ਮੇਖ ਦੀ ਹਾਂ ।
ਪਰ ਮੈਨੂੰ ਰੱਬ ਨੇ ਘੜ੍ਹਿਆ ਤੇਰੇ ਲਈ, ਸਿਰਫ ਤੇਰੇ ਮੇਚ ਦੀ ਹਾਂ ।
ਤੂੰ ਭੱਜਿਆ ਫਿਰਦਾ ਕਿਓਂ, ਬੰਦ ਕਰ ਤਲਾਸਾਂ ਨੂੰ ।
ਰੱਬ ਦਾ ਨਾਂ ਜੱਪਦੇ ਹਾਂ, ਉੱਠ ਕੇ ਪ੍ਰਭਾਤਾਂ ਨੂੰ ।
ਆਪਾਂ ਮਿਲਕੇ ਕੁਦਰਤ ਸੰਗ, ਤੇ ਰੁੱਖ ਲਗਾਉਂਦੇ ਹਾਂ ।
ਜੇ ਆਗੇ ਧਰਤੀ ਤੇ, ਕੁਝ ਕਰ ਵਿਖਾਉਂਦੇ ਹਾਂ ।
ਮੈਂ ਤੈਨੂੰ ਯਾਰਾ ਕੁਦਰਤ ਦੇ, ਹਰ ਰੰਗ ਚ ਭੇਖਦੀ ਹਾਂ ।
ਹਾਂ ਹਾਂ ਇਹ ਸੱਚ ਹੈ ਪਿਆਰਿਆ । ਮੈਂ ਤੈਨੂੰ ਦੁਨੀਆਂ ਤੋਂ ਜੁਦਾ ਵੇਖਦੀ ਹਾਂ ।
ਮੈਨੂੰ ਰੱਬ ਨੇ ਘੜ੍ਹਿਆ ਤੇਰੇ ਲਈ, ਸਿਰਫ ਤੇਰੇ ਮੇਚ ਦੀ ਹਾਂ ।