ਬਹੁਤ ਅਜਮਾਇਆ, ਸਬਰ ਤੂੰ ਮੇਰਾ, ਹੁਣ ਮੈਨੂੰ ਵੀ ਤਾਂ ਪਰਖਣ ਦੇ।

ਤੋੜਣ ਦੇ ਨਿਯਮ ਜ਼ਮਾਨੇ ਦੇ, ਕੁੱਝ ਲੋਕਾਂ ਨੂੰ  ਵੀ ਹਰਖਣ ਦੇ॥

ਮੇਰੀਆਂ ਰੀਝਾਂ ਦੇ ਪੈਰੀਂ, ਤੇਰੀਆਂ ਰੀਤਾਂ ਬੇੜੀਆਂ ਪਾਈਆਂ ਨੇ,

ਹੁਣ ਹੱਲਾ ਸ਼ੇਰੀ ਦੇ ਇਹਨਾਂ ਨੂੰ , ਹੌਲੀ ਹੌਲੀ ਸਰਕਣ ਦੇ।

ਕੈਦ ਕੀਤੇ ਮੈਂ ਤੇਰੇ ਕਾਰਨ, ਹੁਣ ਆਜ਼ਾਦੀ ਲੋਚਦੇ,

ਕਰ ਕਿਰਪਾ, ਅਰਮਾਨਾਂ ਦੇ ਫਰ, ਵਿੱਚ ਅਸਮਾਨੀ ਫਰਕਣ ਦੇ।

ਰੋਜੀ ਰੋਟੀ, ਇੱਜਤ, ਯਾਰੀ, ਫਰਜਾਂ ਨੇ ਦਮ ਕੱਢ ਸੁੱਟਿਆ,

ਹੁਣ ਭਾਰ ਵੰਡਾ ਕੇ ਦੇਖ ਸਹੀ, ਕੁੱਝ ਤੇਰੇ ਮੋਢੇ ਜਰਕਣ ਦੇ।

ਏਨਾ ਸੌਖਾ ਨਹੀਂ ਹੁੰਦਾ, ਸਭ ਭਾਣਾ ਕਰਕੇ ਮੰਨ ਲੈਣਾ,

ਬੰਦਾ ਬਣ ਕੇ ਜੀਅ, ਤੇ ਦਿਲ ਵਿੱਚ ਯਾਦ ਕਿਸੇ ਦੀ ਧੜਕਣ ਦੇ।

ਕਿੰਨਾ ਚਿਰ ਤੂੰ ਖੇਡੇਂਗਾ, ਲੋਕਾਈ ਅੱਗ ਵਿੱਚ ਸੜਦੀ ਰਹੂ,

ਮਿਟਾ ਦੇ ਸਾਰੇ ਭੇਦ ਭਾਵ, ਕੋਈ ਪਿਆਰ ਦੀ ਬੱਦਲੀ ਵਰਸਣ ਦੇ।

ਕਦ ਤੱਕ ਲਾਰੇ ਲਾਵੇਂਗਾ, ਨਾ ਓਹਲੇ ਰਹਿ ਕੇ ਗੱਲ ਬਨਣੀ,

ਬੜੇ ਸਵਾਲ "ਮੰਡੇਰ" ਨੇ ਕਰਨੇ ਨੇ, ਸਾਹਮਣੇ ਕਿਧਰੇ ਦਰਸ਼ਨ ਦੇ

📝 ਸੋਧ ਲਈ ਭੇਜੋ