ਲੱਗਦਾ ਏ ਰੱਬ ਵੱਲੋਂ ਮੀਂਹ ਪਾਇਆ ਜਾਊਗਾ।
ਚੰਦ ਦੇ ਦੁਆਲ਼ੇ ਪੰਚਾਇਤ ਕੱਠੀ ਹੋਈ ਵੇਖੀ।
ਮੀਂਹ ਪਾਉਣਾ ਕਿ ਭੂਰ ਪਾਉਣੀ, ਸੁੱਟਣੇ ਜਾਂ ਗੜੇ।
ਕਿੱਦਾਂ ਤੋੜਨੇ ਬੱਦਲ਼, ਕਿੰਞ ਸੁੱਟਣੀਆਂ ਬਿਜਲੀਆਂ।
ਚਲਾਉਣੀ ਆਂ ਹਨੇਰੀ ਜਾਂ ਵਗਾਉਣੀ ਠੰਡੀ ਸੀਤ ਹਵਾ।
ਲੇਖਾ-ਜੋਖਾ ਲੱਗਦਾ ਏ ਸਾਰਾ ਲਾਇਆ ਜਾਊਗਾ।
ਲੱਗਦਾ ਏ ਰੱਬ ਵੱਲੋਂ ਮੀਂਹ ਪਾਇਆ ਜਾਊਗਾ।
ਕਾਲ਼ੀਆਂ ਘਟਾਵਾਂ ਡਰਾਵੇ ਦੇ ਜਾਣਗੀਆਂ।
ਤਾਂਕਿ ਲੋਕੀਂ ਧਰਤੀ ਦੇ ਕੱਖ-ਕਾਨਾ ਸਾਂਭ ਲੈਣ।
ਦਿਨ ਵੇਲ਼ੇ ਕਣੀਆਂ ਤੇ ਟਿਪ-ਟਿਪ ਬੂੰਦਾਂ ਪੈਣ।
ਸ਼ਾਮ ਵੇਲ਼ੇ ਬੰਦ ਹੋਜੂ, ਮੀਂਹ ਏਸ ਵਾਸਤੇ ਕਿ
ਪਸ਼ੂ-ਪੰਛੀ ਸਾਰੇ ਢਿੱਡ ਦਾਣਾ ਚੁਗ ਭਰ ਲੈਣ।
ਲੱਗਦਾ ਪੰਚਾਇਤ ਨੇ ਫ਼ੈਸਲਾ ਇਹ ਕਰ ਦਿੱਤਾ ਕਿ
ਸ਼ਾਮ ਢਲ਼ੀ ਤੇ ਛਮ-ਛਮ ਝੜੀ ਲਾਇਆ ਜਾਊਗਾ।
ਲੱਗਦਾ ਏ ਰੱਬ ਵੱਲੋਂ ਮੀਂਹ ਪਾਇਆ ਜਾਊਗਾ।
ਸਾਰਾ ਸਾਲ ਸਾਡੀਆਂ ਤੇ ਸਾਉਣ ਮੱਝਾਂ ਤੇਰੀਆਂ।
ਫੰਡਰਾਂ ਵੀ ਏਸ ਰੁੱਤੇ, ਕਰ ਦੇਵੇਂ ਲਵੇਰੀਆਂ।
ਚੂਹਿਆਂ ਦੀਆਂ ਖੁੱਡਾਂ ਤਾਈਂ ਜਲ-ਥਲ ਕਰੀ ਜਾਵੇ।
ਸੁੱਕਿਆਂ ਨੂੰ ਸੁੱਟ ਕੇ ਕਰੂੰਬਲੀਆਂ ਨਾਲ਼ ਭਰੀ ਜਾਵੇ।
ਧਰਤੀ ’ਚੋਂ ਪ੍ਰਵਾਨੇ ਕੱਢ ਦੀਵਿਆਂ ਦੇ ਵੱਲ ਭਜਾਵੇ।
ਕਿ ਵੱਟ ਸੁਵੱਟਾ ਕਰ ਨਵੀਂ ਜੂਨੇ ਪਾਇਆ ਜਾਊਗਾ।
ਜਦੋਂ ਸਭ ਦਾ ਦਾਤਾ ਆਪਣੀ ਕਰਨੀ ’ਤੇ ਆਊਗਾ।
ਓਸ ਵੇਲ਼ੇ ਰੱਬ ਵੱਲੋਂ ਮੀਂਹ ਪਾਇਆ ਜਾਊਗਾ।
ਬਿੱਠਾਂ ਰਾਹੀਂ ਜਿਹੜੇ ਸੁੱਕੇ ਬੀਜ ਡੇਗੇ ਪੰਛੀਆਂ ਨੇ।
ਇੱਟਾਂ ਦੀਆਂ ਕੰਧਾਂ ਉੱਤੇ ਬੋਹੜ ਨੂੰ ਉਗਾਊਗਾ।
ਸੁੱਕੀਆਂ ਨਮੋਲ਼ੀਆਂ ’ਚੋਂ ਨਿੰਮਾਂ ਉੱਗ ਪੈਣੀਆਂ।
ਸਵੱਲੀ ਝੜੀ ਵਿੱਚ ਜਦ ਰੱਬ ਨੇ ਠਰੱਕਾ ਲਾਇਆ
ਸਰਬ ਰੂੜੀਓਂ ਖੁੱਗ ਨਿੰਮ ਵਿਹੜੇ ਵਿੱਚ ਲਾਊਗਾ।
ਪਪੀਹੇ ਵਾਂਗ ਪਿਆਰ ਜਦ ਚੜ੍ਹ ਪ੍ਰਵਾਨ ਗਿਆ।
ਅੰਮ੍ਰਿਤ ਵੇਲ਼ੇ ਬਰਸਣਹਾਰ ਮਿਲਣ ਜਦ ਆਊਗਾ।
ਓਸ ਵੇਲ਼ੇ ਰੱਬ ਵੱਲੋਂ ਮੀਂਹ ਪਾਇਆ ਜਾਊਗਾ।