ਰੱਬਾ, ਰਹਿੰਦੀ ਦੁਨੀਆ ਤੀਕਰ ਵਸਦੇ ਰਹਿਣ ਪਏ ਉਹ ।
ਜਿਹੜੇ ਸਾਡੇ ਉਦਰੇਵੇਂ ਦਾ ਕਦੇ ਨਾ ਕਰਦੇ ਮੋਹ ।
ਮੇਰੇ ਲੇਖਾਂ ਅੰਦਰ ਤੇਰਾ ਕਦੇ ਨਹੀਂ ਹੋਣਾ ਮੇਲ,
ਫਿਰ ਵੀ ਤੇਰੇ ਬਾਝੋਂ ਮੇਰਾ ਭਰਦਾ ਨਹੀਉਂ ਛੋਹ ।
ਯਾਰ ਮਿਰੇ ਦੀਏ ਯਾਦੇ ਰੁੱਸ ਕੇ ਇੰਜ ਛੁਡਾ ਨਾ ਚੁੰਡ,
ਕਦੀ ਕਦਾਰੇ ਆਈ ਏਂ ਅੜੀਏ, ਪਲ ਦੋ ਪਲ ਤੇ ਬਹੁ ।
ਤੇਰਾ ਡੇਰਾ ਮੇਰੇ ਦਿਲ ਵਿਚ ਤੂੰ ਸ਼ਾਹਰਗ ਦੇ ਕੋਲ,
ਤੂੰ ਅੰਗ-ਸੰਗ ਵਿਚ ਐੇਵੇਂ ਜੀਵੇਂ ਗੰਨੇ ਦੇ ਵਿਚ ਰਹੁ ।
ਦੇਖ ਲਵਾਂਗੇ ਤੈਨੂ ਚੱਲ ਖਾਂ ਚੱਲਣਾ ਏ ਕਿੱਥੋਂ ਤੱਕ,
ਮੈਂ ਤੇ ਔਖੀਆਂ ਰਾਹਵਾਂ ਦੇ ਨਾਲ ਤੁਰਿਆ ਕਰਨ ਧਰੋਹ ।
ਰਹਿੰਦਾ ਸੀ ਜੋ ਤੇਰੇ ਦਿਲ ਵਿਚ ਉਹ ਤੇ ਨਹੀਂ 'ਖ਼ਿਆਲ',
ਪਾ ਖਾਂ ਜ਼ੋਰ ਅਕਲ ਤੇ ਸੱਜਣਾਂ ਕਰ ਖਾਂ ਕੋਈ ਥੋਹ ।