ਰੱਬਾ ਸੁਣਿਆ ਸਭ ਤੂੰ ਕਰਦੈਂ, ਪਿਆਰਿਆ ਧਰਤੀ ’ਤੇ ਆ।
ਜਿਹੜੇ ਤੇਰੇ ਨਾ ਡਰਾਉਂਦੇ ਨੇ, ਸਾਨੂੰ ਭੰਬਲ਼ਭੂਸੇ ਪਾਉਂਦੇ ਨੇ।
ਤੂੰ ਆ ਤੇ ਆ ਸਾਨੂੰ ਇਹਨਾਂ ਬਾਰੇ ਸਮਝਾ।
ਕੀ ਇਹ ਸਭ ਤੇਰੇ ਪੈਰੋਕਾਰ ਨੇ, ਸਭ ਤੇਰੇ ਕਹਿਣ ਤੇ ਕਰਦੇ ਨੇ।
ਸਰਟੀਫਿਕੇਟ ਦੇਂਦੇ ਤੇਰੇ ਨਾਂ, ਤੇ ਦਸਤਖਤ ਆਪਣੇ ਕਰਦੇ ਨੇ।
ਕੀ ਤੂੰ ਇਹ ਭੇਜੇ ਆ, ਆ ਤੇ ਦੱਸ ਕੇ ਜਾ।
ਇਹ ਕਹਿੰਦੇ ਸਭ ਤੂੰ ਕਰਦੇਂ, ਸਭ ਪ੍ਰਥਾ ਤੂੰ ਆਪ ਬਣਾਈ।
ਦਾਸੀ-ਪ੍ਰਥਾ, ਸਤੀ-ਪ੍ਰਥਾ, ਔਰਤ ਅੰਦਰ ਔਰਤ ਦਾ ਕਤਲ।
ਕੀ ਇਹ ਸਭ ਤੇਰੇ ਭਾਣੇ ਆ, ਆ ਤੇ ਗ਼ਲਤ-ਫਹਿਮੀਆਂ ਮਿਟਾ।
ਤੂੰ ਹੀ ਕਹਿੰਦੇ ਜਾਤ ਬਣਾਈ, ਤੂੰ ਬਣਾਈਆਂ ਪਾਤਾਂ।
ਨਸ਼ਾ ਵੀ ਤੂੰ ਕਰਦੈਂ ਕਰਵਾਉਨੈਂ, ਤੇਰੀਆਂ ਸਾਰੀਆਂ ਬਾਤਾਂ।
ਇਹ ਸਭ ਤੂੰ ਕਰਵਾਉਂਦਾ ਆਂ, ਆ ਤੇ ਕੇ ਦੱਸ ਕੇ ਜਾ।
ਤੂੰ ਆਖਿਆ ਕਿ ਤੇਰੇ ਲਈ, ਪੱਥਰਾਂ ਦੇ ਮਹਿਲ ਬਣਾਏ ਜਾਣ।
ਪਾਣੀ ਗੰਧਲੇ ਕੀਤੇ ਜਾਣ, ਧਰਤੀਂ ਵਿੱਚੋਂ ਮੁਕਾਏ ਜਾਣ।
ਆਰੀਆਂ ਤੂੰ ਚਲਾ ਰਹੈਂ, ਕੀ ਇਹ ਗੱਲ ਸੱਚੀ ਆ।
ਬਹੁਤ ਹੋ ਗਿਆ, ਆ ਤੇ ਸੱਚ ਸਭ ਨੂੰ ਸਮਝਾ।
ਮੈਨੂੰ ਲੱਗਦਾ ਰੱਬਾ, ਤੂੰ ਇਹ ਨਹੀਂ ਕਰਦਾ-ਕਰਵਾਉਂਦਾ।
ਦੁਨੀਆਂ ਰੱਬਾ ਭਟਕ ਰਹੀ, ਕਿਉਂ ਨਹੀਂ ਸਮਝਾਉਂਦਾ।
ਸੋਹਣਿਆਂ ਗੱਲ ਮੰਨ ਜਾ, ਇੱਕ ਵਾਰ ਧਰਤੀ ਗੇੜਾ ਲਾ।
ਜਿਹੜੇ ਗ਼ਲਤ-ਫ਼ਹਿਮੀਆਂ ਵੇਚ ਰਹੇ, ਹੱਟੀਆਂ ਚੁਕਵਾ।