ਰੱਬਾ ਤੂੰ ਉਪਜ ਮੁਹੱਬਤ ਦੀ

ਰੱਬ ਕਰੇ ਰੱਬਾ, ਤੇਰਾ ਵੀ ਨਾ ਜੀਅ ਲੱਗੇ।

 ਜੀਅ ਕਰੇ ਤੇਰਾ, ਕਿ ਤੇਰਾ ਜੀਅ ਲੱਗਜੇ।

 ਪੁੱਛਣ ਤੂੰ ਆਵੇਂ ਮੈਨੂੰ, ਦੇਵਾਂ ਸਲਾਹ ਤੈਨੂੰ।

 ਰੱਬ ਕਰੇ ਰੱਬਾ, ਤੈਨੂੰ ਭੋਰਾ ਨਾ ਸਮਝ ਲੱਗੇ।

 ਯਾਦ ਰੱਖ ਤੂੰ ਉਪਜ ਮੁਹੱਬਤ ਦੀ ਏਂ,

 ਸੱਚੇ ਆਸ਼ਕਾਂ ਦਿੱਤਾ, ਰੱਬ ਨਾਮ ਤੈਨੂੰ।

 ਰੁੱਖ, ਪਹਾੜ, ਰੇਤ, ਪਾਣੀ ਹੋਣੇ ਤੱਕੇ,

 ਧੁੱਪ, ਝੱਖੜ, ਹਨੇਰੀਆਂ ਹੋਣੇ ਝੱਲੇ।

 ਪੈਂਦੀ ਵੇਖ ਕੇ ਯੱਕਦਮ ਠਾਹ ਉਹਨਾਂ।

 ਦਿੱਤਾ ਹੋਣਾ ਤੈਨੂੰ, ਰੱਬ ਨਾਮ ਉਹਨਾਂ।

 ਜਦੋਂ ਤ੍ਰੇਹ ਮਹਿਬੂਬ ਨੂੰ ਲੱਗੀ ਹੋਣੀ।

 ਕੋਲ ਸਮੁੰਦਰ, ਪਿਆਸ ਨਾ ਬੁਝੀ ਹੋਣੀ।

 ਪਾਣੀ ਖਾਤਰ ਵੇਖ ਉਹਦਾ ਤਨ ਤਰਸਿਆ।

 ਉੱਡ ਪਿਆ ਖਾਰਾ, ਬੱਦਲ ਬਣ ਬਰਸਿਆ।

 ਛਕਿਆ ਹੋਊ ਜਦ ਨਾਲ਼ ਪਿਆਰ ਉਹਨਾਂ।

 ਦਿੱਤਾ ਹੋਣਾ ਤੈਨੂੰ, ਰੱਬ ਨਾਮ ਉਹਨਾਂ।

ਜਾਂ ਪੱਦਵੀ ਤੈਨੂੰ ਉੱਚੀ ਤਾਂ ਦਿੱਤੀ ਹੋਣੀ।

 ਜਦੋਂ ਨਜ਼ਰ ਮਹਿਬੂਬ ਤੇ ਪਈ ਹੋਣੀ।

 ਉਤਾਂਹ ਤੱਕਦਿਆਂ ਸਿਰ ਝੁਕਾ ਉਹਨਾਂ।

 ੴ ਤੱਕ ਸੁਹਣਾ, ਪਾਈ ਸਹੀ ਹੋਣੀ।

 ਗਾਇਆ ਹੋਊ ਜਦ ਵਜਾ ਰਬਾਬ ਉਹਨਾਂ।

 ਦਿੱਤਾ ਹੋਣਾ ਤੈਨੂੰ, ਰੱਬ ਨਾਮ ਉਹਨਾ।

 ਨਾਮ ਮਿਲ ਗਿਆ ਭਾਵੇਂ ਸੰਯੋਗੀ ਤੈਨੂੰ।

 ਰੱਬ ਮੰਨਣ ਦੀ ਆਦਤ ਪੈ ਗਈ ਸਾਨੂੰ।

 ਮਿਹਨਤੀ ਮਿਹਨਤਾਂ ਕਰ ਮੱਥੇ ਟੇਕ ਦੇਂਦੇ।

 ਖਾਈ ਜਾਂਦੇ ਵਿਹਲੜ, ਹੁਣ ਸਾਂਭ ਉਹਨਾਂ।

 ਖਾਣ ਕਿਰਤ ਕਰ, ਕੰਮ ਕਹਿ ਲੱਭ ਉਹਨਾਂ।

 ਮਾਣ ਰਹਿ ਜਾਵੇ ਕਿਹਾ ਤੈਨੂੰ ਰੱਬ ਜਿੰਨਾਂ।

📝 ਸੋਧ ਲਈ ਭੇਜੋ