ਛਾਇਆ ਪਾਪ ਸੀ ਸਾਰੇ ਤੂਫ਼ਾਨ ਬਣ ਕੇ,
ਭਲੇ ਪੁਰਸ਼ਾਂ ਨੂੰ ਦਿਸਦਾ ਨਾ ਰਾਹ ਸੀ ਕੋਈ ।
ਰਾਜੇ ਧਰਮ ਇਮਾਨ ਤੋਂ ਫਿਰੇ ਹੋਏ ਸਨ,
ਲਗਦੀ ਕਿਸੇ ਦੀ ਕਿਧਰੇ ਨਾ ਵਾਹ ਸੀ ਕੋਈ ।
ਦਵੈਤ ਈਰਖਾ, ਵੈਰ ਵਿਰੋਧ ਅੰਦਰ,
ਇੱਕ ਦੂਜੇ ਦੀ ਕਰਦਾ ਨਾ ਚਾਹ ਸੀ ਕੋਈ ।
ਸੁੱਤੀ ਹੋਈ ਸੀ ਗ਼ਫ਼ਲਤ ਦੀ ਨੀਂਦ ਦੁਨੀਆ,
ਲੈਂਦਾ ਜਾਗ ਕੇ ਉੱਚਾ ਨਾ ਸਾਹ ਸੀ ਕੋਈ ।
ਛੱਡ ਕੇ ਧਰਮ ਈਮਾਨ ਨੂੰ ਇਕ ਪਾਸੇ,
ਹਰ ਕੋਈ ਵਿਸ਼ੇ ਵਿਕਾਰ 'ਚ ਰੁੱਝਿਆ ਸੀ ।
ਇਸੇ ਪਾਪਾਂ ਦੇ ਘੋਰ ਤੂਫ਼ਾਨ ਅੰਦਰ,
ਦੀਵਾ ਭਾਰਤ ਦੀ ਕਿਸਮਤ ਦਾ ਬੁੱਝਿਆ ਸੀ ।
ਤੱਕ ਕੇ ਇਹ ਹਾਲਾਤ ਅਰਸ਼ੀ ਨੂਰ ਮੇਰੇ,
ਤਰਸ ਖਾ ਕੇ ਲਿਆ ਅਵਤਾਰ ਸੀ ਤੂੰ।
ਝੰਡਾ ਲੈ ਕੇ ਹੱਥ ਵਿਚ ਏਕਤਾ ਦਾ,
ਕੀਤਾ ਸਾਰਿਆਂ ਨਾਲ ਪਿਆਰ ਸੀ ਤੂੰ।
ਟੁੱਟੀ ਪਈ ਸੀ ਤਾਣੀ ਜੋ ਹਿੰਦੂਆਂ ਦੀ,
ਗੰਢ ਤੁਪ ਕੇ ਕੀਤੀ ਤਿਆਰ ਸੀ ਤੂੰ।
ਜਿਹੜੇ ਬਾਗ਼ ਨੂੰ ਖਿਜ਼ਾਂ ਉਜਾੜਿਆ ਸੀ,
ਲਾਈ ਉਸ ਥਾਂ ਸਦਾ ਬਹਾਰ ਸੀ ਤੂੰ।
ਰੂਹਾਂ ਵਿਛੜੀਆਂ ਆਣ ਕੇ ਗਲੇ ਮਿਲੀਆਂ,
ਜਦੋਂ ਛੇੜ ਰਬਾਬ ਦੀ ਤਾਰ ਦਿੱਤੀ ।
ਵੱਡੇ ਵੱਡੇ ਅਭਿਮਾਨੀਆਂ ਜਾਬਰਾਂ ਨੇ,
ਜਿੱਤੀ ਹੋਈ ਬਾਜ਼ੀ ਵੀ ਹਾਰ ਦਿੱਤੀ ।
ਹੈ ਸੀ ਜਾਦੂ ਦਾ ਅਸਰ ਰਬਾਬ ਅੰਦਰ,
ਜਿਸ ਨੇ ਸਾਰੇ ਜਹਾਨ ਨੂੰ ਮੋਹ ਲੀਤਾ।
ਸੱਜਣ ਠੱਗ ਤੇ ਕੌਡਿਆਂ ਰਾਕਸ਼ਾਂ ਦੇ,
ਕਢ ਕੇ ਸੀਨੇ 'ਚੋਂ ਦਿਲ ਨੂੰ ਕੋਹ ਲੀਤਾ।
ਬਾਬਰ ਜਿਿਹਆਂ ਦੀਆਂ ਚੱਕੀਆਂ ਫਿਰਨ ਲੱਗੀਆਂ,
ਜਦੋਂ ਰਾਗ ਪ੍ਰੇਮ ਦਾ ਛੋਹ ਲੀਤਾ ।
ਵਲੀ ਵਰਗਿਆਂ ਦੇ ਹੋਸ਼ ਵੀ ਗੁੰਮ ਹੋ ਗਏ,
ਉਲਟਾ ਸਾਰੀ ਕਰਾਮਾਤ ਨੂੰ ਖੋਹ ਲੀਤਾ।
ਕੌੜੇ ਰੀਠਿਆਂ ਵਿਚ ਮਿਠਾਸ ਪੈ ਗਈ,
ਮਿੱਠੀ ਇੱਕ ਵੀ ਜਦੋਂ ਝਣਕਾਰ ਸੁਣ ਲਈ ।
ਆਵਾ ਗਵਣ ਓੁਹਦਾ ਸਿੱਧਾ ਮੁੱਕ ਗਿਆ,
ਜਿਸਨੇ ਤੇਰੀ ਸੁਰੀਲੀ ਸਿਤਾਰ ਸੁਣ ਲਈ ।
ਜਾਂਦੇ ਰਾਹੀਆਂ ਦੇ ਦਿਲਾਂ ਨੂੰ ਖਿੱਚਦੀ ਸੀ,
ਇਹ ਤਾਂ ਵਿਛੜੇ ਮੇਲ ਮਿਲਾਵੰਦੀ ਸੀ ।
ਜਿਹੜੇ ਕਿਸੇ ਦੇ ਦਿਲੋਂ ਸਨ ਦੂਰ ਹੁੰਦੇ,
ਉਹਨਾਂ ਤਾਈਂ ਇਹ ਪਾਸ ਬੈਠਾਵੰਦੀ ਸੀ ।
ਮਿਕਨਾਤੀਸ ਤੋਂ ਵੱਧ ਸੀ ਅਸਰ ਇਹਦਾ,
ਉਡਦੇ ਪੰਛੀਆਂ ਨੂੰ ਖਿੱਚਾਂ ਪਾਂਵੰਦੀ ਸੀ।
ਇੱਕ ਇੱਕ ਤਾਰ ਇਹਦੀ ਜਦੋਂ ਗੂੰਜਦੀ ਸੀ,
ਲੱਖਾਂ ਜ਼ੁਲਮਾਂ ਦੇ ਦਿਲ ਹਿਲਾਂਵੰਦੀ ਸੀ।
ਮੋਹ ਲਿਆ ਸ਼ਿਵਾਲਕ ਦੀਆਂ ਰਾਣੀਆਂ ਨੂੰ,
ਪਰਖਣ ਆਈਆਂ ਸਨ ਜਦੋਂ ਇਹ ਸ਼ਾਨ ਤੇਰੀ।
ਕਿਉਂਕਿ ਨਾਲ ਰਬਾਬ ਦੇ ਗਾਵੰਦੀ ਸੀ,
ਪਈ ਸਤਿ ਕਰਤਾਰ ਮਿੱਠੀ ਜ਼ੁਬਾਨ ਤੇਰੀ।
ਜਿਹੜਾ ਰੱਬ ਦੇ ਨਾਂ ਨੂੰ ਭੁੱਲ ਗਿਆ ਸੀ,
ਉਹਨੂੰ ਯਾਦ ਫਿਰ ਸਤਿ ਕਰਤਾਰ ਆਇਆ ।
ਜਿਹਦਾ ਦਿਲ ਸੀ ਈਰਖਾ ਨਾਲ ਭਰਿਆ,
ਕਰਨਾ ਉਸ ਨੂੰ ਫੇਰ ਪਿਆਰ ਆਇਆ ।
ਇੱਕ ਵਾਰ ਸੀ ਜਿਸ ਦਾ ਮਾਣ ਟੁੱਟਾ,
ਉਹਨੂੰ ਫੇਰ ਨਾ ਕਦੇ ਹੰਕਾਰ ਆਇਆ ।
ਬਣ ਕੇ ਮੁਕਤੀ ਦਾ ਰਾਜ ਰਬਾਬ ਅੰਦਰ,
ਨਾਨਕ ਰੂਪ ਵਿੱਚ ਆਪ ਨਿੰਰਕਾਰ ਆਇਆ ।
ਇਹਦਾ ਕੀਰਤਨ ਸੁਣ ਸੁਣ ਮਸਤ ਹੋਣਾ,
ਇੱਥੇ ਗੱਲ ‘ਤੂਫਾਨ’ ਸੁਆਬ ਦੀ ਸੀ ।
ਪਰਦੇ ਪਾਟਦੇ ਕਿਵੇਂ ਨਾ ਗਫ਼ਲਤਾਂ ਦੇ,
ਕਿਉਂਕਿ ਗੂੰਜ ਇਹ ਰੱਬੀ ਰਬਾਬ ਦੀ ਸੀ ।